ਚੰਡੀਗੜ੍ਹ: ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਦੋ ਪੰਜਾਬੀ ਨੋਜਵਾਨਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਪਹਿਲੀ ਘਟਨਾ ਵਿੱਚ ਹੀ ਜ਼ਿਲ੍ਹਾ ਬਰਨਾਲਾ ਦੇ ਬਲਾਕ ਸ਼ਹਿਣਾ ਦੇ ਪਿੰਡ ਤਲਵੰਡੀ ਦੇ ਨੌਜਵਾਨ ਸੁਖਚੈਨ ਸਿੰਘ (23) ਦੀ ਕੁਵੈਤ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਰੋਜ਼ੀ-ਰੋਟੀ ਖ਼ਾਤਰ ਤਕਰੀਬਨ ਡੇਢ ਸਾਲ ਪਹਿਲਾਂ ਕੁਵੈਤ ਗਿਆ ਸੀ। ਪੰਜਾਬੀ ਦੋਸਤਾਂ ਦੇ ਯਤਨਾਂ ਸਦਕਾ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਸਕੀ ਅਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਦੂਜੀ ਘਟਨਾ ਵਿੱਚ ਦੁਬਈ ਵਿੱਚ ਹੋਏ ਹਾਦਸੇ ਵਿੱਚ ਕਰਤਾਰਪੁਰ ਦੇ ਮੁਹੱਲਾ ਖਟੀਕਾ ਦੇ ਨੌਜਵਾਨ ਹਰਮਨ ਸਿੰਘ ਦੀ ਮੌਤ ਹੋ ਗਈ। ਡੇਢ ਸਾਲ ਪਹਿਲਾਂ ਉਹ ਰੁਜ਼ਗਾਰ ਖ਼ਾਤਰ ਦੁਬਈ ਗਿਆ ਸੀ। ਉਹ ਟਰਾਲਾ ਚਲਾਉਂਦਾ ਸੀ। ਹਰਮਨ ਦਾ ਪਿਤਾ ਜਸਵੀਰ ਸਿੰਘ ਇਥੋਂ ਦੇ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਬੱਸ ਚਲਾਉਂਦਾ ਹੈ ਅਤੇ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਜਸਵੀਰ ਨੇ ਦੱਸਿਆ ਕਿ ਹਰਮਨ ਦੀ ਮ੍ਰਿਤਕ ਦੇਹ ਦੇ ਸੋਮਵਾਰ ਤਕ ਪਹੁੰਚਣ ਦੀ ਉਮੀਦ ਹੈ।