ਚੰਡੀਗੜ੍ਹ: 25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਆਏ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਤੋਂ ਬਾਅਦ ਡੇਰਾ ਸਿਰਸਾ ਦੇ ਸਮਰਥਕਾਂ ਵੱਲੋਂ ਕੀਤੀ ਵੱਡੇ ਪੱਧਰ ਦੀ ਹਿੰਸਾ ਦੀ ਵਿਉਂਤਬੰਦੀ ਦੇ ਸਾਰੇ ਭੇਤ ਖੁੱਲ੍ਹ ਗਏ ਹਨ। ਇਸ ਵਿੱਚ ਐਮ.ਐਸ.ਜੀ. ਦੇ ਸੀ.ਈ.ਓ. ਸੀ.ਪੀ. ਅਰੋੜਾ ਦਾ ਅਹਿਮ ਯੋਗਦਾਨ ਸੀ। ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਰੋੜਾ ਦੇ ਇਸ਼ਾਰੇ ਤੋਂ ਬਾਅਦ ਹੀ ਹਿੰਸਾ ਭੜਕੀ ਸੀ।
ਸੂਤਰਾਂ ਮੁਤਾਬਕ ਸੀ.ਪੀ. ਅਰੋੜਾ ਆਪਣੀ ਪਿਛਲੀ ਨੌਕਰੀ ਤਿਆਗ ਕੇ 2016 ਤੋਂ ਰਾਮ ਰਹੀਮ ਦੇ ਐਮ.ਐਸ.ਜੀ. ਬ੍ਰਾਂਡ ਨਾਲ ਘੱਟ ਤਨਖ਼ਾਹ 'ਤੇ ਨੌਕਰੀ ਕਰਨ ਲੱਗਾ। ਪੁਲਿਸ ਮੁਤਾਬਕ 25 ਅਗਸਤ ਨੂੰ ਹੋਈ ਹਿੰਸਾ ਦੀ ਸਾਜਿਸ਼ ਡੇਰੇ ਦੀ ਪ੍ਰਬੰਧਕੀ ਕਮੇਟੀ ਨੇ ਰਚੀ ਸੀ, ਜਿਸ ਦਾ ਅਰੋੜਾ ਵੀ ਮੈਂਬਰ ਸੀ।
ਪੁਲਿਸ ਨੇ ਦੱਸਿਆ ਕਿ ਪਹਿਲਾਂ ਤੋਂ ਘੜੀ ਵਿਉਂਤ ਦੇ ਤਹਿਤ ਪੰਚਕੂਲਾ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਅੰਦਰ ਮੌਜੂਦ ਹਨੀਪ੍ਰੀਤ ਨੇ ਬਾਹਰ ਖੜ੍ਹੇ ਰਾਮ ਰਹੀਮ ਦੇ ਡ੍ਰਾਈਵਰ ਰਾਕੇਸ਼ ਕੁਮਾਰ ਨੂੰ ਇਸ਼ਾਰਾ ਕੀਤਾ। ਇਹ ਇਸ਼ਾਰਾ ਹਿੰਸਾ ਦਾ ਸੰਕੇਤ ਸੀ। ਰਾਕੇਸ਼ ਨੇ ਫ਼ੋਨ ਰਾਹੀਂ ਡੇਰਾ ਸਮਰਥਕਾਂ ਵਿੱਚ ਮੌਜੂਦ ਸੀ.ਪੀ. ਅਰੋੜਾ ਤੇ ਕੋਰ ਕਮੇਟੀ ਮੈਂਬਰਾਂ ਤਕ ਪਹੁੰਚਾਇਆ।
ਸੰਦੇਸ਼ ਮਿਲਣ ਤੋਂ ਬਾਅਦ ਹੀ ਉੱਥੇ ਹਿੰਸਾ ਤੇ ਅੱਗਜ਼ਨੀ ਕੀਤੀ ਗਈ। ਪੁਲਿਸ ਸਬੂਤ ਦੇ ਤੌਰ 'ਤੇ ਸੀ.ਪੀ. ਅਰੋੜਾ ਦੇ ਮੋਬਾਈਲ ਕਾਲ ਵੇਰਵਿਆਂ ਨੂੰ ਖੰਘਾਲ ਰਹੀ ਹੈ।