ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਹੈ। ਇਸੇ ਦੇ ਨਾਲ ਹੀ ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ ਵਿੱਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿੱਤੀ।
ਸਾਲ 2016 ਵਿੱਚ ਪਿਛਲੀ ਅਕਾਲੀ ਸਰਕਾਰ ਨੇ ਵਿਸ਼ੇਸ਼ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਤੇ ਕੈਪਟਨ ਨੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ 'ਤੇ ਇਸ ਸਕੀਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਸਕੀਮ ਤਹਿਤ ਵਿਧਵਾ ਨੂੰ ਉਨ੍ਹਾਂ ਦੀ ਮੌਤ ਤੱਕ ਪੈਨਸ਼ਨ ਮਿਲੇਗੀ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਮੁੜ ਵਿਆਹੇ ਜਾਣ ਤੱਕ ਪੈਨਸ਼ਨ ਦੇਣ ਦਾ ਉਪਬੰਧ ਸੀ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਲ ਕਾਰਡ ਦਿੱਤੇ ਜਾਣਗੇ ਜੋ ਹੁਣ ਤੱਕ ਸਿਰਫ ਅੱਤਵਾਦ ਤੋਂ ਪੀੜਤ ਸਿਵਲੀਅਨਾਂ ਨੂੰ ਹੀ ਦਿੱਤੇ ਜਾਂਦੇ ਹਨ। ਪੰਜਾਬ ਪੁਲਿਸ ਦੇ ਬਹਾਦਰੀ ਤੇ ਕੁਰਬਾਨੀ ਭਰੇ ਇਤਿਹਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਤਵਾਦ ਦੌਰਾਨ ਪੰਜਾਬ ਵੱਲੋਂ ਹੰਢਾਈਆਂ ਔਖੀਆਂ ਪ੍ਰਸਥਿਤੀਆਂ ਤੇ ਸ਼ਾਂਤੀ ਦੀ ਬਹਾਲੀ ਲਈ ਪੁਲਿਸ ਦੀਆਂ ਮਹਾਨ ਕੁਰਬਾਨੀਆਂ ਨੂੰ ਚੇਤੇ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜੋਤ ਜਗਾਈ। ਉਨ੍ਹਾਂ ਦੱਸਿਆ ਕਿ ਪੈਨਸ਼ਨ ਦੀ ਰਾਸ਼ੀ ਮੁਲਾਜ਼ਮ ਦੀ ਮੌਤ ਸਮੇਂ ਦੌਰਾਨ ਉਸ ਦੀ ਆਖਰੀ ਤਨਖਾਹ ਦੇ ਬਰਾਬਰ ਹੋਵੇਗੀ। ਉਨਾਂ ਆਖਿਆ ਕਿ ਸ਼ਹੀਦਾਂ ਦੀਆਂ ਵਿਧਵਾਵਾਂ ਸਾਡੇ ਪਰਿਵਾਰ ਦਾ ਹਿੱਸਾ ਹਨ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ।