ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ ਦੀਵਾਲੀ ਵਾਲੀ ਰਾਤ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਮੰਦਰ ਕਮੇਟੀ ਦੇ ਦਫਤਰ ਵਿੱਚ ਪਏ 7 ਲੱਖ ਰੁਪਏ ਚੁਰਾ ਕੇ ਲੈ ਗਏ। ਅੱਜ ਸਵੇਰੇ ਜਦੋਂ ਮੰਦਰ ਕਮੇਟੀ ਅਧੀਨ ਕੰਮ ਕਰਨ ਵਾਲੇ ਮੁਲਾਜ਼ਮ ਡਿਊਟੀ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਮਰੇ ਦੇ ਤਾਲੇ ਟੁੱਟੇ ਹੋਏ ਸਨ। ਅਲਮਾਰੀਆਂ ਵਿੱਚ ਪਿਆ ਸਾਰਾ ਕੈਸ਼ ਗਾਇਬ ਸੀ।

ਦੀਵਾਲੀ ਵਾਲੇ ਦਿਨ ਜਦੋਂ ਲੋਕ ਲਕਸ਼ਮੀ ਦੀ ਪੂਜਾ ਕਰ ਰਹੇ ਸਨ ਤਾਂ ਕੁਝ ਚੋਰਾਂ ਨੇ ਮੰਦਰ ਵਿੱਚ ਪਈ ਲਕਸ਼ਮੀ ਨੂੰ ਹੀ ਚੁਰਾ ਲਿਆ। ਚੋਰਾਂ ਨੇ ਦੁਰਗਿਆਣਾ ਮੰਦਰ ਦੇ ਠੀਕ ਬਾਹਰ ਕਮੇਟੀ ਦੇ ਦਫਤਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਅੰਦਰ ਪਏ 7 ਲੱਖ ਰੁਪਏ ਉਡਾ ਦਿੱਤੇ।

ਚੋਰਾਂ ਨੇ ਦਫਤਰ ਅੰਦਰ ਲੱਗੇ ਸੀਸੀਟੀਵੀ ਕੈਮਰੇ ਨੂੰ ਇੱਕ ਕੱਪੜੇ ਨਾਲ ਢੱਕ ਦਿੱਤਾ ਤੇ ਬਾਅਦ ਵਿੱਚ ਬੜੇ ਅਰਾਮ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਜਦੋਂ ਸਵੇਰੇ ਮੁਲਾਜ਼ਮਾਂ ਨੇ ਆ ਕੇ ਦੇਖਿਆ ਤਾਂ ਕਮਰੇ ਵਿੱਚ ਪਿਆ ਸਾਰਾ ਸਾਮਾਨ ਤੇ ਪੈਸੇ ਗਾਇਬ ਸਨ। ਇਸ ਤੋਂ ਬਾਅਦ ਕਮੇਟੀ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।