ਚੰਡੀਗੜ੍ਹ: ਇੱਥੋਂ ਦੇ ਮਸ਼ਹੂਰ ਹਸਪਤਾਲ ਪੀ.ਜੀ.ਆਈ. ਵਿੱਚ ਪਟਾਕਿਆਂ ਚਲਾਉਣ ਸਮੇਂ ਜ਼ਖ਼ਮੀ ਹੋਏ ਮਰੀਜ਼ਾਂ ਦੀ ਗਿਣਤੀ 28 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਪੀ.ਜੀ.ਆਈ. ਸਿਰਫ ਉਹ ਮਰੀਜ਼ ਆਏ ਹਨ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਸੀ।
ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ 12 ਮਰੀਜ਼ ਟ੍ਰਾਈਸਿਟੀ ਤੋਂ ਆਏ ਜਦਕਿ 16 ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਤੋਂ ਲਿਆਂਦੇ ਗਏ। ਜ਼ਖ਼ਮੀਆਂ ਵਿੱਚ 21 ਮਰਦ ਤੇ 7 ਔਰਤਾਂ ਸਨ। ਮਰੀਜ਼ਾਂ ਵਿੱਚੋਂ ਜ਼ਿਆਦਾਤਰ ਬੱਚੇ ਤੇ ਜਵਾਨ ਹਨ।
ਮਰੀਜ਼ਾਂ ਵਿੱਚ ਸਭ ਤੋਂ ਛੋਟੀ ਉਮਰ ਦਾ ਇੱਕ 7 ਸਾਲਾ ਬੱਚਾ ਹੈ। ਇਨ੍ਹਾਂ ਵਿੱਚੋਂ ਕਈ ਪੀੜਤ ਤਾਂ ਬਗ਼ੈਰ ਪਟਾਕੇ ਚਲਾਏ ਹੀ ਹਸਪਤਾਲ ਪਹੁੰਚ ਗਏ। ਕੁੱਲ 10 ਮਰੀਜ਼ ਪਟਾਕੇ ਚਲਾਉਣ ਸਮੇਂ ਜ਼ਖ਼ਮੀ ਹੋਏ ਜਦਕਿ 18 ਕੋਲ ਖੜ੍ਹੇ ਹੀ ਜ਼ਖ਼ਮੀ ਹੋ ਗਏ।
9 ਮਰੀਜ਼ਾਂ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਜਿਨ੍ਹਾਂ ਦੀ ਸਰਜਰੀ ਹੋਣੀ ਹੈ। ਖ਼ਬਰ ਲਿਖੇ ਜਾਣ ਤਕ ਇਨ੍ਹਾਂ ਵਿੱਚੋਂ 7 ਦੀ ਸਰਜਰੀ ਕੀਤੀ ਜਾ ਰਹੀ ਸੀ।