ਜਲੰਧਰ: ਅਮਰੀਕਾ 'ਚ ਨਸਲੀ ਹਿੰਸਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਦਾ ਅਮਰੀਕਨ ਜੈਕਬ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਗਗਨਦੀਪ ਦੇ ਚਾਚਾ ਮਨਮੋਹਨ ਰਾਜੂ ਨੇ ਦੱਸਿਆ ਕਿ ਗਗਨਦੀਪ ਅਮਰੀਕਾ ਦੇ ਸਪੋਕਨ ਸ਼ਹਿਰ ਵਿੱਚ ਪੜ੍ਹਾਈ ਦੇ ਨਾਲ-ਨਾਲ ਟੈਕਸੀ ਚਲਾਉਂਦਾ ਸੀ। ਜੈਕਬ ਨਾਂ ਦਾ ਮੁੰਡਾ ਉਸ ਦੀ ਟੈਕਸੀ ਵਿੱਚ ਬੈਠਾ। ਉਸ ਨੇ ਘਰ ਜਾ ਕੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਤੇ ਉਹ ਏਟੀਐਮ ਤੱਕ ਉਸ ਨਾਲ ਚੱਲੇ। ਏਟੀਐਮ ਆਉਣ ਮਗਰੋਂ ਜੈਕਬ ਨੇ ਗਗਨਦੀਪ ਨੂੰ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਜੈਕਬ ਉੱਥੋਂ ਭੱਜਿਆ ਵੀ ਨਹੀਂ।
ਮਨਮੋਹਨ ਰਾਜੂ ਨੇ ਦੱਸਿਆ ਕਿ ਅਮਰੀਕਾ ਪੁਲਿਸ ਨੇ ਜਦੋਂ ਜੈਕਬ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਕਾਲਜ ਵਿੱਚ ਐਡਮੀਸ਼ਨ ਲੈਣ ਗਿਆ ਸੀ ਪਰ ਉਸ ਨੂੰ ਦਾਖਲਾ ਨਹੀਂ ਮਿਲਿਆ। ਉਹ ਸ਼ਾਇਦ ਇਸ ਤੋਂ ਹੀ ਪ੍ਰੇਸ਼ਾਨ ਸੀ। ਉਨ੍ਹਾਂ ਕਿਹਾ ਕਿ ਟਰੰਪ ਦਾ ਵੀ ਇਹੀ ਕਹਿਣਾ ਹੈ ਕਿ ਬਾਹਰਲੇ ਲੋਕਾਂ ਨੂੰ ਕੱਢ ਕੇ ਉਹ ਅਮਰੀਕੀਆਂ ਨੂੰ ਕੰਮ ਦੇਣਗੇ।
ਐਡਮਿਸ਼ਨ ਨਾ ਹੋਣ ਤੋਂ ਖਫਾ ਜੈਕਬ ਨੇ ਜਦੋਂ ਗਗਨਦੀਪ ਨੂੰ ਵੇਖਿਆ ਹੋਵੇਗਾ ਤਾਂ ਉਸ ਨੇ ਗੁੱਸੇ ਵਿੱਚ ਉਸ ਨੂੰ ਮਾਰ ਦਿੱਤਾ ਹੋਵੇਗਾ। ਗਗਨਦੀਪ ਦਾ ਪਰਿਵਾਰ 14 ਸਾਲ ਪਹਿਲਾਂ ਅਮਰੀਕਾ ਵਿੱਚ ਸੈਟਲ ਹੋ ਗਿਆ ਸੀ। ਉਸ ਦੇ ਪਿਤਾ ਰਜਿੰਦਰਪਾਲ ਸਿੰਘ ਉੱਥੇ ਟੈਕਸੀ ਚਲਾਉਂਦੇ ਹਨ। ਗਗਨਦੀਪ ਦਾ ਛੋਟਾ ਭਰਾ ਵੀ ਅਮਰੀਕਾ ਵਿੱਚ ਹੀ ਪੜ੍ਹਾਈ ਕਰ ਰਿਹਾ ਹੈ।