ਲੁਧਿਆਣਾ: ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪੁਲਿਸ ਕਾਰਵਾਈਆਂ ਵਿੱਚ ਤਕਰੀਬਨ 22 ਵਿਅਕਤੀਆਂ ਦੀ ਮੌਤ ਦੇ ਵਿਰੋਧ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਗਿਆ। ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਦੇ ਲੋਕਾਂ ਦੇ ਸਮਰਥਨ ਨਾਲ ਮੁਸਲਿਮ ਭਾਈਚਾਰੇ ਨੇ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ।


ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਵਿੱਚ ਕਾਲਾ ਕਾਨੂੰਨ ਹੈ ਤੇ ਇਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਅੱਜ ਕਾਲਾ ਦਿਨ ਮਨਾਇਆ ਜਾ ਰਿਹਾ ਹੈ। ਵੱਖ-ਵੱਖ ਧਾਰਮਿਕ ਤੇ ਰਾਜਨੀਤਕ ਸੰਗਠਨਾਂ ਦੇ ਨੁਮਾਇੰਦੇ ਆਪਣੀ ਹਮਾਇਤ ਜ਼ਾਹਰ ਕਰਨ ਲਈ ਕਾਲੇ ਦਿਵਸ ਦੇ ਐਲਾਨ ਦਾ ਹਿੱਸਾ ਬਣੇ।

ਪ੍ਰਦੇਸ਼ ਕਾਂਗਰਸ ਦੇ ਸਕੱਤਰ ਵਿਨੋਦ ਭਾਰਤੀ ਨੇ ਕਿਹਾ ਕਿ ਇਹ ਦੇਸ਼ ਨੂੰ ਤੋੜਨ ਵਾਲਾ ਕਾਨੂੰਨ ਹੈ ਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਇਕ ਹੋਰ ਧਾਰਮਿਕ ਆਗੂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜਦ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਸੰਘਰਸ਼ ਜਾਰੀ ਰਹੇਗਾ।