ਸਮਾਣਾ: ਨਾਭਾ ਜੇਲ੍ਹ ਵਿੱਚੋਂ ਫ਼ਰਾਰ ਹੋਏ ਬਦਮਾਸ਼ਾਂ ਤੇ ਖ਼ਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਦੇ ਭੁਲੇਖਾ ਸਮਾਣਾ ਨੇੜੇ ਨਵਾਂਗਾਓਂ ਵਿੱਚ ਪੁਲਿਸ ਨੇ ਨਿਰਦੋਸ਼ ਲੋਕਾਂ ਨੂੰ ਗੋਲੀਆਂ ਨਾਲ ਭੰਨ੍ਹ ਦਿੱਤਾ। ਇਸ ਕਾਰਨ ਇੱਕ 25 ਸਾਲ ਦੀ ਲੜਕੀ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ।


ਮਿਲੀ ਜਾਣਕਾਰੀ ਅਨੁਸਾਰ ਨਵਾਂਗਾਓਂ ਵਿੱਚ ਪੰਜਾਬ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਸਵਿੱਟ ਡਿਜ਼ਾਇਰ ਕਾਰ ਜਦੋਂ ਨਾਕੇ ਦੌਰਾਨ ਨਹੀਂ ਰੁਕੀ ਤਾਂ ਪੁਲਿਸ ਨੇ ਉਸ ਉੱਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਫਾਇਰਿੰਗ ਵਿੱਚ 25 ਸਾਲੀ ਦੀ ਨੇਹਾ ਨਾਮਕ ਲੜਕੀ ਦੀ ਮੌਤ ਹੋ ਗਈ ਤੇ ਕਾਰ ਵਿੱਚ ਸਵਾਰ ਇੱਕ ਹੋਰ ਲੜਕੀ ਜ਼ਖਮੀ ਹੋ ਗਈ। ਕਾਰ ਦੇ ਪਿੱਛੇ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਗੋਲੀ ਲੱਗੀ ਹੈ।

ਕਾਰ ਚਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਨਾਕਾ ਬੰਦੀ ਦੌਰਾਨ ਜਦੋਂ ਕਾਰ ਦੀ ਸਪੀਡ ਘੱਟ ਕਰ ਕੇ ਰੋਕ ਰਹੇ ਸਨ ਤਾਂ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਕਾਰ ਦੀ ਅਗਲੀ ਸੀਟ ਉੱਤੇ ਬੈਠੀ ਨੇਹਾ ਨਾਮਕ ਕੁੜੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਨੇਹਾ ਇੱਕ ਮਿਊਜ਼ੀਕਲ ਗਰੁੱਪ ਵਿੱਚ ਡਾਂਸਰ ਵਜੋਂ ਕੰਮ ਕਰਦੀ ਸੀ ਅਤੇ ਉਹ ਪਟਿਆਲਾ ਵਿਖੇ ਆਪਣੀ ਟੀਮ ਨਾਲ ਇੱਕ ਵਿਆਹ ਵਿੱਚ ਪ੍ਰੋਗਰਾਮ ਪੇਸ਼ ਕਰਨ ਜਾ ਰਹੀ ਸੀ। ਇਸ ਦੇ ਨਾਲ ਹੀ ਸੜਕ ਉੱਤੇ ਜਾ ਰਹੇ ਆਪਣੀ ਪਤਨੀ ਨਾਲ ਮੋਟਰ ਸਾਈਕਲ ਉੱਤੇ ਜਾ ਰਹੇ ਦਿੜ੍ਹਬਾ ਦੇ ਬ੍ਰਿਜ ਭਾਨ ਵੀ ਜ਼ਖਮੀ ਹੋਇਆ ਹੈ।

ਯਾਦ ਰਹੇ ਕਿ ਨਾਭਾ ਜੇਲ੍ਹ ਵਿੱਚ ਵਿਕੀ ਗੌਂਡਰ ਤੇ ਖ਼ਾਲਿਸਤਾਨ ਹਰਮਿੰਦਰ ਸਿੰਘ ਮਿੰਟੂ ਆਪਣੇ ਸਾਥੀਆਂ ਨਾਲ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੁਰੱਖਿਆ ਅਲਰਟ ਹੈ। ਇਸ ਤਹਿਤ ਪੁਲਿਸ ਵੱਲੋਂ ਥਾਂ-ਥਾਂ ਉੱਤੇ ਨਾਕੇਬੰਦੀ ਕੀਤੀ ਹੋਈ ਹੈ।