ਚੰਡੀਗੜ੍ਹ: ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਅਹਿਮ ਖ਼ੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਜੇਲ੍ਹ ਬਰੇਕ ਮਾਮਲੇ ਵਿੱਚ ਫ਼ਿਰੋਜਪੁਰ ਦੇ ਮੁਦਕੀ ਦੀ ਕਾਂਗਰਸੀ ਮਹਿਲਾ ਕੌਂਸਲਰ ਦਾ ਪਤੀ ਵੀ ਸ਼ਾਮਲ ਸੀ। ਕੌਂਸਲਰ ਦਾ ਪਤੀ ਬਿੱਕਰ ਸਿੰਘ ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਇੱਟਾਂ ਦੇ ਭੱਠੇ ਉੱਤੇ ਮੈਨੇਜਰ ਸੀ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਏਬੀਪੀ ਸਾਂਝਾ ਨੂੰ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਦਰਜਨ ਬਦਮਾਸ਼ਾਂ ਦੀ ਪਛਾਣ ਕੀਤੀ ਹੈ। ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਰੀਦਕੋਟ, ਤਰਨਤਾਰਨ 'ਚ ਬਦਮਾਸ਼ਾ ਨੂੰ ਫੜਨ ਲਈ ਪੁਲਿਸ ਨੇ ਵੱਡੇ ਪੱਧਰ ਉੱਤੇ ਮੁਹਿੰਮ ਛੇੜੀ ਹੋਈ ਹੈ। ਸੂਤਰਾਂ ਅਨੁਸਾਰ ਜੇਲ੍ਹ ਤੋਂ ਫ਼ਰਾਰ ਹੋਏ ਗੈਂਗਸਟਰ ਵੱਖ ਵੱਖ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਪ੍ਰੇਮਾ ਲਹੌਰੀਆ ਨੇ ਗੁਰਪ੍ਰੀਤ ਸੇਖੋਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਗੈਂਗਸਟਰ ਨੂੰ ਭਜਾਉਣ 'ਚ ਦੋ ਸਰਕਾਰੀ ਮੁਲਾਜ਼ਮ ਵੀ ਸ਼ੱਕ ਦੇ ਘੇਰੇ ਵਿੱਚ ਹਨ। 27 ਨਵੰਬਰ ਦੀ ਸਵੇਰ ਚਾਰ ਗੱਡੀਆਂ 'ਚ ਆਏ ਬਦਮਾਸ਼ ਪੁਲਿਸ ਵਾਲਿਆਂ ਨੂੰ ਕਾਬੂ ਕਰ ਗੈਂਗਸਟਰ ਵਿਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਉਲ, ਅਮਨਦੀਪ ਸਿੰਘ ਤੇ ਖ਼ਾਲਿਸਤਾਨ ਹਰਮਿੰਦਰ ਮਿੰਟੂ ਤੇ ਉਸ ਦੇ ਸਾਥੀ ਨੂੰ ਭਜਾ ਕੇ ਲੈ ਗਏ ਸਨ।