ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮੌਜੂਦਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਦੋ ਸਤੰਬਰ ਨੂੰ ਮਨਾਇਆ ਰਿਹਾ ਹੈ. ਦੂਜੇ ਪਾਸੇ ਨਵੇਂ ਕੈਲੰਡਰ ਨੂੰ ਨਾਮਨਜ਼ੂਰ ਕਾਰਨ ਵਾਲੀਆਂ ਜਥੇਬੰਦੀਆਂ ਇਸ ਇਤਿਹਾਸਕ ਦਿਹਾੜੇ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾ ਰਹੀਆਂ ਹਨ। ਅੱਜ ਅੰਮ੍ਰਿਤਸਰ ਵਿੱਚ ਪੰਥਕ ਤਾਲਮੇਲ ਦਲ ਵੱਲੋਂ ਇਸ ਦਿਹਾੜੇ ਨੂੰ ਮਨਾਇਆ ਗਿਆ ਉੱਥੇ ਹੀ ਪਾਕਿਸਤਾਨ ਵਿੱਚ ਵੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।
ਹਰ ਸਾਲ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਵਾਰਾ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਅਕਾਲ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਵੇਂ ਕਲੰਡਰ ਮੁਤਾਬਕ ਇਹ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਦੋ ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਪੰਥਕ ਤਾਲਮੇਲ ਦਲ ਵੱਲੋਂ ਗੁਰਦਵਾਰਾ ਰਾਮਸਰ ਸਾਹਿਬ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ। ਅਰਦਾਸ ਉਰੰਤ ਸੰਗਤਾਂ ਵੱਲੋਂ ਗੁਰੂ ਜਸ ਗਾਇਨ ਕਰਦਿਆਂ ਹਰਿਮੰਦਰ ਸਾਹਿਬ ਵੱਲ ਚਲੇ ਪਾਏ ਗਏ। ਕਈ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਵੀ ਹਿੱਸਾ ਲਿਆ।
ਅੱਜ ਦੇ ਇਸ ਇਕੱਠ ਦਾ ਸੱਦਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਅਕਾਲ ਪੁਰਖ ਕਿ ਫੌਜ ਨਾਮ ਦੀ ਜਥੇਬੰਦੀ ਦੇ ਪ੍ਰਧਾਨ ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਦਿੱਤਾ ਗਿਆ ਸੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਸੰਗਤਾਂ ਨਾਲ ਇਸ ਵਿੱਚ ਹਿੱਸਾ ਲਿਆ। ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਸਮੁੱਚੇ ਸਿੱਖ ਪੰਥ ਨੂੰ ਵਧਾਈ ਵੀ ਦਿੱਤੀ।