ਕਪੂਰਥਲਾ: ਜ਼ਿਲ੍ਹੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਦੇ ਇੱਕ ਪਰਿਵਾਰ ਨੇ ਆਪਣੀ 19 ਮਹੀਨੇ ਦੀ ਬੱਚੀ ਦੀ ਦੇਖਭਾਲ ਲਈ ਔਰਤ ਨੂੰ ਰੱਖਿਆ ਸੀ। ਜਦੋਂ ਬੱਚੀ ਦੇ ਮੰਮੀ-ਡੈਡੀ ਕੰਮ 'ਤੇ ਚਲੇ ਜਾਂਦੇ ਸੀ ਤਾਂ ਬੱਚੀ ਨੂੰ ਔਰਤ ਬੁਰੀ ਤਰ੍ਹਾਂ ਕੁੱਟਦੀ ਸੀ। 19 ਮਹੀਨੇ ਦੀ ਨਵਪ੍ਰੀਤ ਕੌਰ ਦੇ ਘਰਦਿਆਂ ਨੇ ਬੱਚੀ ਦੀ ਦੇਖਭਾਲ ਲਈ ਪਰਵੀਨ ਨੂੰ ਰੱਖਿਆ ਸੀ ਪਰ ਇਹ ਔਰਤ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਬੱਚੀ ਨੂੰ ਕੁੱਟਦੀ ਸੀ। ਨਵਪ੍ਰੀਤ ਦੇ ਪਿਤਾ ਦੀ ਮੋਬਾਈਲ ਦੀ ਦੁਕਾਨ ਹੈ ਤੇ ਮਾਂ ਪੀਟੀਯੂ ਵਿੱਚ ਨੌਕਰੀ ਕਰਦੀ ਹੈ। ਬੱਚੀ ਨੂੰ ਉਸ ਦੀ ਦਾਦੀ ਸੰਭਾਲਦੀ ਸੀ। ਦੋ ਮਹੀਨੇ ਪਹਿਲਾਂ ਜਦੋਂ ਦਾਦੀ ਮੁਲਕ ਤੋਂ ਬਾਹਰ ਗਈ ਤਾਂ ਬੱਚੀ ਦੀ ਦੇਖਭਾਲ ਲਈ ਇਸ ਔਰਤ ਨੂੰ ਰੱਖਿਆ ਗਿਆ। ਨਵਪ੍ਰੀਤ ਦੇ ਮੰਮੀ-ਡੈਡੀ ਨੇ ਜਦੋਂ ਉਸ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਵੇਖੇ ਤਾਂ ਘਰ ਵਿੱਚ ਮੋਬਾਈਲ ਕੈਮਰਾ ਲੁਕੋ ਦਿੱਤਾ। ਇਸ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਈ। ਜਿਸ ਨੂੰ ਬੱਚੀ ਦਾ ਖਿਆਲ ਰੱਖਣ ਲਈ ਪੈਸੇ ਦਿੰਦੇ ਸੀ, ਉਹ ਹੀ ਬੱਚੀ ਨੂੰ ਦੁੱਖ ਦੇ ਰਹੀ ਸੀ। ਕਪੂਰਥਲਾ ਥਾਣਾ ਸਿਟੀ ਇੰਚਾਰਜ ਗੱਬਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਮਾਮਲੇ ਦੇ ਹਰ ਤੱਥ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਫਿਲਹਾਲ ਫਰਾਰ ਦੱਸੀ ਜਾ ਰਹੀ ਹੈ।