ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਹੋ ਰਹੀਆਂ ਦਸਵੀਂ ਤੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ ਵਿੱਚ ਤਾਇਨਾਤ ਕੇਂਦਰ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਦੀਆਂ ਡਿਊਟੀਆਂ 60 ਤੋਂ 70 ਕਿਲੋਮੀਟਰ ਦੂਰ ਲਾ ਦਿੱਤੀਆਂ ਗਈਆਂ ਹਨ। ਇਨ੍ਹਾਂ ਡਿਊਟੀਆਂ ਵਿੱਚ ਮਹਿਲਾ ਅਧਿਆਪਕਾਵਾਂ ਨੂੰ ਵੀ ਆਪਣੇ ਸਕੂਲ ਤੋਂ ਬਹੁਤ ਦੂਰੀ ’ਤੇ ਲਾ ਦਿੱਤਾ ਗਿਆ ਹੈ।

ਅਧਿਆਪਕਾਂ ਵਿੱਚ ਇਸ ਨੂੰ ਲੈ ਕੇ ਰੋਸ ਹੈ। ਲੈਕਚਰਾਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਾਕਮ ਸਿੰਘ ਤੇ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਡਿਊਟੀਆਂ ਇੰਨੀ ਦੂਰ-ਦੂਰ ਲਾਈਆਂ ਗਈਆਂ ਹਨ ਕਿ ਉਹ ਮਹਿਲਾ ਅਧਿਆਪਕਾਵਾਂ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਦੱਸਿਆ ਕਿ ਕਈ ਸਟੇਸ਼ਨਾਂ ਤੱਕ ਤਾਂ ਬੱਸ ਸਰਵਿਸ ਵੀ ਨਹੀਂ ਹੈ। ਪੇਪਰ ਸਵੇਰੇ 9 ਵਜੇ ਸ਼ੁਰੂ ਹੋਣਾ ਹੈ। ਇਸ ਲਈ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਦਾ ਅੱਠ ਵਜੇ ਕੇਂਦਰ ਵਿੱਚ ਪਹੁੰਚਣਾ ਜ਼ਰੂਰੀ ਹੈ ਪਰ ਜਿਹੜੀਆਂ ਮਹਿਲਾ ਅਧਿਆਪਕਾਂ ਕੋਲ ਆਪਣਾ ਸਾਧਨ ਨਹੀਂ ਉਹ ਸਮੇਂ 'ਤੇ ਨਹੀਂ ਪਹੁੰਚ ਸਕਦੀਆਂ।

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨ ਵਾਲਾ ਫ਼ੈਸਲਾ ਵਾਪਸ ਨਾ ਲਿਆ ਤਾਂ ਯੂਨੀਅਨ ਸੰਘਰਸ਼ ਕਰੇਗੀ। ਉਨ੍ਹਾਂ ਡਿਊਟੀਆਂ ਨੇੜੇ ਦੇ ਸਟੇਸ਼ਨਾਂ ’ਤੇ ਲਾਉਣ ਦੀ ਮੰਗ ਕੀਤੀ। ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਨੇ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਲਾਉਣ ਦਾ ਵਿਰੋਧ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਦੇ ਨਾਂ ’ਤੇ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।