ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਫੰਡ ਰਿਲੀਜ਼ ਨਾ ਹੋਣ ਦੇ ਮਸਲੇ 'ਤੇ ਬਾਦਲ ਦੇ ਘਰ ਸਾਹਮਣੇ ਧਰਨਾ ਦੇ ਸਕਦੇ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਕੱਲ੍ਹ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਫੰਡ ਰਿਲੀਜ਼ ਕਰਨ ਦੀ ਮੰਗ ਕਰਨਗੇ ਜੇ ਇਹ ਫੰਡ ਰਿਲੀਜ਼ ਨਹੀਂ ਹੁੰਦੇ ਤਾਂ ਉਹ ਬਾਦਲ ਸਰਕਾਰ ਖ਼ਿਲਾਫ ਮੋਰਚਾ ਖੋਲ੍ਹਣਗੇ। ਸਿੱਧੂ ਦੇ ਹਲਕੇ ਦੇ ਡੇਢ ਕਰੋੜ ਦੇ ਫੰਡ ਖ਼ਜ਼ਾਨੇ 'ਚ ਫਸੇ ਹੋਏ ਹਨ ਤੇ ਉਹ ਇਨ੍ਹਾਂ ਦੀ ਲਗਾਤਾਰ ਰਿਲੀਜ਼ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਸਿੱਧੂ ਇਸ ਕਰਕੇ ਹੀ ਅਹੁਦੇ ਤੋਂ ਅਸਤੀਫ਼ਾ ਨਹੀਂ ਦੇ ਰਹੇ ਕਿਉਂਕਿ ਉਹ ਫੰਡ ਖ਼ਜ਼ਾਨੇ 'ਚ ਫਸੇ ਹੋਏ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇ ਸਿੱਧੂ ਦੇ ਫੰਡ ਰਿਲੀਜ਼ ਨਹੀਂ ਹੁੰਦੇ ਤਾਂ ਉਹ ਹਾਈਕੋਰਟ ਦਾ ਰੁਖ਼ ਵੀ ਕਰ ਸਕਦੇ ਹਨ।
ਨਵਜੋਤ ਕੌਰ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਚੁੱਪ ਹਨ ਤੇ ਉਹ ਇਹ ਵੀ ਕਹਿ ਹਨ ਕਿ ਉਹ ਅਜੇ ਬੀਜੇਪੀ ਦੇ ਹੀ ਮੈਂਬਰ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੀ ਚੁੱਪ ਦਾ ਮਤਲਬ ਇਹੀ ਹੈ ਕਿ ਉਹ ਸਰਕਾਰ ਤੋਂ ਫੰਡ ਰਿਲੀਜ਼ ਕਰਵਾਉਣਾ ਚਾਹੁੰਦੇ ਹਨ। ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਵੱਲੋਂ ਆਵਾਜ਼ੇ-ਏ-ਪੰਜਾਬ' ਮੰਚ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਉਹ ਅਜੇ ਤੱਕ ਮੰਚ ਦਾ ਹਿੱਸਾ ਵੀ ਨਹੀਂ ਬਣੇ। ਉਨ੍ਹਾਂ ਮੰਚ ਬਾਰੇ ਕੋਈ ਬਿਆਨ ਵੀ ਨਹੀਂ ਦਿੱਤਾ ਹੈ।
ਇਸ ਸਾਰੇ ਮਾਮਲੇ 'ਤੇ 'ਏਬੀਪੀ ਸਾਂਝਾ' ਨੇ ਜਦੋਂ ਨਵਜੋਤ ਕੌਰ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਕਿਸੇ ਮਾਮਲੇ 'ਤੇ ਕੁਝ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਮੈਂ ਵੀ ਹੱਕ, ਸੱਚ ਤੇ ਨਿਆਂ ਤੇ ਮਸਲਿਆਂ 'ਤੇ ਬੋਲਦੀ ਰਹੀ ਹਾਂ ਤੇ ਸਮਾਂ ਆਉਣ 'ਤੇ ਬਾਕੀ ਮਸਲਿਆਂ 'ਤੇ ਵੀ ਟਿੱਪਣੀ ਕਰਾਂਗੀ।
ਦੱਸਣਯੋਗ ਹੈ ਕਿ ਸਿੱਧੂ ਸ਼ੁਰੂ-ਸ਼ੁਰੂ 'ਚ ਅਕਾਲੀ-ਬੀਜੇਪੀ ਦੇ ਖ਼ਿਲਾਫ ਬਿਆਨਬਾਜ਼ੀ ਕਰਦੇ ਸਨ ਪਰ ਹੁਣ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਖ਼ਿਲਾਫ ਵੀ ਡਟ ਕੇ ਬੋਲਦੇ ਹਨ। ਇੱਕ ਸਮਾਂ ਸੀ ਜਦੋਂ ਨਵਜੋਤ ਕੌਰ ਸਿੱਧੂ ਕਹਿੰਦੇ ਸਨ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ 10 'ਚੋਂ ਅੱਠ ਲੋਕ ਪਸੰਦ ਕਰਦੇ ਹਨ ਪਰ ਅੱਜਕਲ੍ਹ ਉਹ 'ਆਪ' ਤੋਂ ਵੀ ਖ਼ਫਾ ਹਨ।