ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਮੁੱਦੇ ਨੂੰ ਉਭਾਰਨ ਵਾਲੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਹੀ ਸਨ ਪਰ ਸ਼੍ਰੋਮਣੀ ਕਮੇਟੀ ਨੇ ਸਿੱਧੂ ਦੀ ਜੱਫੀ ਨੂੰ ਤਵੱਜੋ ਨਹੀਂ ਦਿੱਤੀ ਤੇ ਲੰਮੇ ਸਮੇਂ ਤੋਂ ਖੁਦ ਹੀ ਇਸ ਲਈ ਚਾਰਾਜੋਈ ਕਰਦੇ ਹੋਣ ਦਾ ਦਾਅਵਾ ਕੀਤਾ। ਉੱਧਰ, ਇਸ ਮਾਮਲੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਇਸ ਪਹਿਲਕਦਮੀ 'ਤੇ ਸਾਰੀਆਂ ਸਰਕਾਰਾਂ ਨੂੰ ਵਧਾਈ ਦਿੱਤੀ। ਸਿੱਧੂ ਨੇ ਕਿਹਾ ਕਿ ਇਹ ਕਦਮ ਅਮਨ ਤੇ ਸ਼ਾਂਤੀ ਦਾ ਪੈਗ਼ਾਮ ਹੋਵੇਗਾ।

ਇਹ ਵੀ ਪੜ੍ਹੋ: ਪਾਕਿਸਤਾਨ ਜਲਦ ਰੱਖੇਗਾ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਨਵਜੋਤ ਕੌਰ ਸਿੱਧੂ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸ਼ੁਰੂਆਤ 'ਤੇ ਵਧਾਈ ਦਿੱਤੀ। ਹਾਲਾਂਕਿ, ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਮੌਜੂਦ ਨਹੀਂ ਸਨ ਪਰ ਟਵਿੱਟਰ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਨਾਲ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ। ਇਸ ਮੌਕੇ ਸਿੱਧੂ ਵੱਲੋਂ ਮਸਲੇ 'ਤੇ ਸਿਆਸਤ ਨਾ ਕਰਨ ਦੀ ਤਰਜੀਹ ਵੀ ਦਿੱਤੀ।

ਸਬੰਧਤ ਖ਼ਬਰ- ਕਰਤਾਰਪੁਰ ਲਾਂਘੇ 'ਤੇ ਲੌਂਗੋਵਾਲ ਨੇ ਕੱਢੀ ਸਿੱਧੂ ਖਿਲਾਫ ਭੜਾਸ

ਹਾਲਾਂਕਿ, ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ਸਿੱਧੂ ਝੂਠ ਬੋਲ ਰਿਹਾ ਹੈ। ਲੌਂਗੋਵਾਲ ਇੱਥੇ ਹੀ ਨਹੀਂ ਰੁਕੇ ਸਨ ਬਲਕਿ ਉਨ੍ਹਾਂ ਨੇ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਮੁਖੀ ਨੂੰ ਜੱਫੀ ਪਾਉਣ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਪਾਕਿਸਤਾਨੀ ਆਰਮੀ ਚੀਫ ਨੂੰ ਜੱਫੀ ਪਾਉਣ ਮਗਰੋਂ ਭਾਰਤ ਆ ਕੇ ਸਿਆਸਤ ਕਰਨ ਲੱਗ ਪਏ।