ਅੰਮ੍ਰਿਤਸਰ: ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਮੁੜ ਅੰਮ੍ਰਿਤਸਰ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਅੰਮ੍ਰਿਤਸਰ ਆ ਕੇ ਆਪਣੇ ਹਲਕੇ ਵਿੱਚ ਗੁਰਜੀਤ ਸਿੰਘ ਔਜਲਾ ਲਈ ਚੋਣ ਪ੍ਰਚਾਰ ਤੇ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸਿੱਧੂ ਨੇ ਕਿਹਾ ਕਿ ਵਾਪਸ ਆ ਕੇ ਦੁਬਾਰਾ ਲੋਕਾਂ ਨਾਲ ਮਿਲ ਕੇ ਵਧੀਆ ਲੱਗਾ ਤੇ ਲੋਕਾਂ ਨੇ ਵੀ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਭਾਵੇਂ ਉਹ ਅੰਮ੍ਰਿਤਸਰ ਦੇ ਆਪਣੇ ਹਲਕੇ ਵਿੱਚੋਂ ਦੋ ਮਹੀਨੇ ਗਾਇਬ ਰਹੇ ਪਰ ਇਹ ਹਲਕਾ ਉਨ੍ਹਾਂ ਕੋਲੋਂ ਛੱਡਿਆ ਨਹੀਂ ਜਾਣਾ ਸੀ ਕਿਉਂਕਿ ਇਹ ਨਵਜੋਤ ਸਿੱਧੂ ਦਾ ਵਿਧਾਨ ਸਭਾ ਹਲਕਾ ਸੀ। ਉਨ੍ਹਾਂ ਕਿਹਾ ਕਿ ਜਦੋਂ ਲੋਕ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਖੁਸ਼ੀ ਜਤਾਈ ਕਿਉਂਕਿ ਉਹ ਅਰਦਾਸ ਕਰ ਰਹੇ ਸੀ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੀ ਟਿਕਟ ਨਾ ਹੀ ਮਿਲੇ।

ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਇਸ ਨੂੰ ਵੀ ਕੰਟਰੋਲ ਕੀਤਾ ਹੋਇਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹੋਰ ਕਈ ਕੇਂਦਰੀ ਏਜੰਸੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ।

ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਜਾਣ ''ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਖਿਲਾਫ਼ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੌਂਸਲਰ ਦੀ ਚੋਣ ਹਾਰਨ ਵਾਲੇ ਲੀਡਰ ਬੀਜੇਪੀ ਦੇ ਮਜ਼ਬੂਤ ਆਧਾਰ ਵਾਲੇ ਲੀਡਰਾਂ ਨੂੰ ਸਾਈਡ ਲਾਈਨ ਕਰ ਰਹੇ ਹਨ।

ਸਿੱਧੂ ਨੇ ਅਨਿਲ ਜੋਸ਼ੀ ਨੂੰ ਮਜ਼ਬੂਤ ਆਧਾਰ ਵਾਲੇ ਆਗੂ ਦੱਸਿਆ ਤੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਕਈ ਮਤਭੇਦ ਹੋ ਜਾਣ, ਪਰ ਉਨ੍ਹਾਂ ਨੂੰ ਵੀ ਸਾਈਡ ਲਾਈਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਵੇਂ ਬੀਜੇਪੀ ਕਿਸੇ ਵੀ ਸੈਲੀਬ੍ਰਿਟੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾ ਦੇਵੇ, ਪਰ ਜਿੱਤ ਕਾਂਗਰਸ ਦੀ ਹੀ ਹੋਏਗੀ।

ਵੇਖੋ ਵੀਡੀਓ-