ਚੰਡੀਗੜ੍ਹ: ਲੋਕ ਸਭਾ ਚੋਣਾਂ ਦੀ ਟਿਕਟ ਲਈ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਦੋ ਦਾਅਵੇਦਾਰ ਸ਼ੁੱਕਰਵਾਰ ਨੂੰ ਫਿਰ ਆਹਮੋ-ਸਾਹਮਣੇ ਹੋ ਗਏ। ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਕਾਂਗਰਸ ਦੇ ਭਵਨ ਵਿੱਚ ਕੌਮਾਂਤਰੀ ਔਰਤ ਦਿਵਸ ਮੌਕੇ ਸਮਾਗਮ ਕਰਨਾ ਸੀ ਪਰ ਇਮਾਰਤ ਨੂੰ ਜਿੰਦਰੇ ਮਰਵਾ ਦਿੱਤੇ ਗਏ।


ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਆਪਸੀ ਕਲੇਸ਼ ਅੱਜ ਫਿਰ ਜਨਤਕ ਹੋ ਗਿਆ। ਚੰਡੀਗੜ੍ਹ ਸੀਟ ਤੋਂ ਲੋਕ ਸਭਾ ਚੋਣਾਂ ਦੀ ਦਾਅਵੇਦਾਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਭਵਨ ਵਿੱਚ ਨਹੀਂ ਹੋਣ ਦਿੱਤਾ ਗਿਆ। ਇਸ 'ਤੇ ਨਵਜੋਤ ਕੌਰ ਸਿੱਧੂ ਦੇ ਸਮਰਥਕਾਂ ਨੇ ਪਵਨ ਕੁਮਾਰ ਬਾਂਸਲ 'ਤੇ ਇਲਜ਼ਾਮ ਲਾਇਆ ਕਿ ਜਾਣਬੁੱਝ ਕੇ ਕਾਂਗਰਸ ਭਵਨ ਨੂੰ ਤਾਲਾ ਲਾਇਆ ਗਿਆ ਹੈ।



ਚੰਡੀਗੜ੍ਹ ਕਾਂਗਰਸ ਦੇ ਲੀਡਰ ਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਸਾਰੇ ਫੰਕਸ਼ਨ ਦੀ ਡਿਟੇਲ ਦੇਣ ਦੇ ਬਾਵਜੂਦ ਵੀ ਵੂਮੈਨਜ਼ ਡੇਅ 'ਤੇ ਕਾਂਗਰਸ ਭਵਨ ਉਨ੍ਹਾਂ ਲਈ ਬੰਦ ਕੀਤਾ ਗਿਆ। ਪੂਨਮ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ਨਵਜੋਤ ਕੌਰ ਸਿੱਧੂ ਨੂੰ ਸਮਾਗਮ 'ਤੇ ਬਤੌਰ ਮਹਿਮਾਨ ਸੱਦਾ ਦਿੱਤਾ ਗਿਆ ਸੀ।

ਸ਼ਰਮਾ ਨੇ ਕਿਹਾ ਕਿ ਪਵਨ ਕੁਮਾਰ ਬਾਂਸਲ ਵੱਲੋਂ ਜ਼ਬਰਦਸਤੀ ਕਰਕੇ ਕਾਂਗਰਸ ਭਵਨ ਨੂੰ ਪਹਿਲਾਂ ਹੀ ਤਾਲੇ ਲਗਾ ਦਿੱਤੇ ਗਏ। ਪੂਨਮ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਪਵਨ ਕੁਮਾਰ ਬਾਂਸਲ ਤੋਂ ਮੁਕਤ ਕਰਾਉਣਗੇ ਨਵਜੋਤ ਕੌਰ ਸਿੱਧੂ ਨੂੰ ਜਿਤਾਉਣਗੇ।