ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੀਜੇਪੀ ਵੱਲੋਂ ਸਿੱਧੂ ਨੂੰ ਅਜੇ ਕੁਝ ਸਮਾਂ ਪਹਿਲਾਂ ਹੀ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ। ਸਿੱਧੂ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਹੀ ਬੀਜੇਪੀ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਸੀ।   ਦਰਅਸਲ ਲੋਕ ਸਭਾ ਚੋਣਾਂ ਵਿੱਚ ਸਿੱਧੂ ਨੂੰ ਟਿਕਟ ਨਾ ਦੇਣ ਕਰਕੇ ਉਹ ਪਾਰਟੀ ਨਾਲ ਨਰਾਜ਼ ਚੱਲੇ ਆ ਰਹੇ ਸਨ। ਪਿਛਲੇ ਸਮੇਂ ਵਿੱਚ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਚਰਚਾ ਚੱਲੀ ਸੀ। ਇਸ ਮਗਰੋਂ ਹੀ ਬੀਜੇਪੀ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸਿਸ਼ ਕੀਤੀ ਸੀ। ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ ਪਰ ਉਨ੍ਹਾਂ ਨੇ ਪਤਨੀ ਤੇ ਮੁੱਖ ਸੰਸਦੀ ਸਕੱਤਰ ਅਜੇ ਵੀ ਲਗਾਤਾਰ ਕਹਿ ਰਹੇ ਸਨ ਕਿ ਜੇਕਰ ਅਕਾਲੀ ਦਲ ਨਾਲ ਸਮਝੌਤਾ ਰਿਹਾ ਤਾਂ ਉਹ ਚੋਣ ਨਹੀਂ ਲੜਨਗੇ।   ਨਵਜੋਤ ਕੌਰ ਸਿੱਧੂ ਤਾਂ ਕਈ ਵਾਰ ਆਮ ਆਦਮੀ ਪਾਰਟੀ ਦੀ ਖੁੱਲ੍ਹ ਕੇ ਤਾਰੀਫ ਕਰ ਚੁੱਕੇ ਹਨ। ਇਸ ਲਈ ਹੁਣ ਫਿਰ ਚਰਚਾ ਸ਼ੁਰੂ ਹੋ ਗਈ ਹੈ ਕਿ ਸਿੱਧੂ ਜੋੜੀ 'ਆਪ' ਵਿੱਚ ਜਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬੀਜੇਪੀ ਲਈ ਵੱਡਾ ਝਟਕਾ ਹੋਏਗਾ।