ਚੰਡੀਗੜ੍ਹ: ਬੀਜੇਪੀ ਨੂੰ ਅਲਵਿਦਾ ਕਹਿ ਕੇ ਵੱਖਰਾ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਪੰਜਾਬ ਨੂੰ ਖੁਸ਼ਹਾਲੀ ਵੱਲ ਮੋੜਨਗੇ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਿਛਲੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ। ਪੰਜਾਬੀ ਅਜਿਹੇ ਲੀਡਰਾਂ ਦੀ ਤਲਾਸ਼ ਵਿੱਚ ਹਨ ਜੋ ਪੰਜਾਬ ਨੂੰ ਸੰਕਟ ਵਿੱਚੋਂ ਕੱਢੇ। ਉਨ੍ਹਾਂ ਕਿਹਾ ਕਿ 'ਆਵਾਜ਼-ਏ-ਪੰਜਾਬ' ਲੋਕਾਂ ਦਾ ਸੁਫਨਾ ਪੂਰਾ ਕਰੇਗੀ। ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਇਕੱਠੇ ਹੋ ਕੇ 'ਆਵਾਜ਼-ਏ-ਪੰਜਾਬ' ਮੋਰਚਾ ਖੋਲ੍ਹਿਆ ਹੋਇਆ ਹੈ।
ਮੰਨਿਆ ਜਾ ਰਿਹਾ ਹੈ ਕਿ 'ਆਵਾਜ਼-ਏ-ਪੰਜਾਬ' ਨਾਲ ਅਗਲੇ ਦਿਨਾਂ ਵਿੱਚ ਹੋਰ ਲੀਡਰ ਜੁੜ ਸਕਦੇ ਹਨ। ਅਕਾਲੀ ਦਲ ਨਾਲੋਂ ਵੱਖ ਹੋਏ ਪਰਗਟ ਸਿੰਘ ਇਸ ਬਾਰੇ ਕਾਫੀ ਸਰਗਰਮ ਹਨ। ਉਹ ਕਈ ਲੀਡਰਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ। 'ਆਪ' ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਤੇ ਪੰਜਾਬ ਸਵਰਾਜ ਅਭਿਆਨ ਪਾਰਟੀ ਬਾਰੇ ਚਰਚਾ ਹੈ ਕਿ ਇਹ ਵੀ 'ਆਵਾਜ਼-ਏ-ਪੰਜਾਬ' ਬਣ ਸਕਦਾ ਹਨ।
ਉੱਧਰ, ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਦੀ ਸਿਆਸਤ ਦਾ ਪਾਰਾ ਸੱਤਵੇਂ ਅਸਮਾਨ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਆ ਕੇ ਖੁੱਲ੍ਹੇਆਮ ਬਾਦਲਾਂ ਨੂੰ ਵੰਗਰਿਆ ਹੈ। ਇਸ ਦੇ ਨਾਲ ਹੀ ਅੱਜ ਵਿਧਾਨ ਸਭਾ ਦਾ ਆਖਰੀ ਇਜਲਾਸ ਵੀ ਸ਼ੁਰੂ ਹੋ ਗਿਆ ਹੈ। ਇਸ ਲਈ ਕਾਂਗਰਸ ਨੇ ਸੱਤਾਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਲਾਠੀਚਾਰਜ ਅੱਗੇ ਉਨ੍ਹਾਂ ਦੀ ਕੋਈ ਵਾਹ ਨਾ ਚੱਲੀ।