ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਇਹ ਚਰਚਾ ਜ਼ੋਰਾਂ 'ਤੇ ਹੈ। ਉਧਰ, 'ਆਪ' ਨੇ ਵੀ ਕਿਹਾ ਹੈ ਕਿ ਜੇਕਰ ਉਹ ਪਾਰਟੀ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਕਈ ਵਾਰ ਸੰਕੇਤ ਦੇ ਚੁੱਕੇ ਹਨ ਕਿ ਉਹ 'ਆਪ' ਵਿੱਚ ਜਾ ਸਕਦੇ ਹਨ। ਸਿੱਧੂ ਦੇ ਅਚਾਨਕ ਅਸਤੀਫੇ ਦਾ ਇਹ ਹੀ ਅਰਥ ਕੱਢਿਆ ਜਾ ਰਿਹਾ ਹੈ ਕਿ ਉਹ 'ਆਪ' ਵਿੱਚ ਜਾਣਗੇ। ਜੇਕਰ ਸਿੱਧੂ ਜੋੜੀ 'ਆਪ' ਵਿੱਚ ਜਾਂਦੀ ਹੈ ਤਾਂ ਇਹ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਏਗਾ। ਇਸ ਨਾਲ ਜਿੱਥੇ ਅਕਾਲੀ-ਬੀਜੇਪੀ ਨੂੰ ਵੱਡਾ ਝਟਕਾ ਲੱਗੇਗਾ, ਉੱਥੇ 'ਆਪ' ਨੂੰ ਕਾਫੀ ਸਿਆਸੀ ਲਾਹਾ ਮਿਲੇਗਾ।
ਸਿੱਧੂ ਜੋੜੀ ਗੱਠਜੋੜ ਸਰਕਾਰ ਵਿੱਚ ਹੁੰਦੇ ਹੋਏ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਖੁੱਲ੍ਹ ਕੇ ਸਾਹਮਣੇ ਆਉਂਦੇ ਰਹੇ ਹਨ। ਨਵਜੋਤ ਕੌਰ ਸਿੱਧੂ ਨੇ ਤਾਂ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਅਕਾਲੀ ਦਲ ਨਾਲ ਗੱਠਜੋੜ ਰਿਹਾ ਤਾਂ ਉਹ ਚੋਣ ਨਹੀਂ ਲੜਨਗੇ। ਨਵਜੋਤ ਸਿੰਘ ਨੇ ਵੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਸੀ। ਉਨ੍ਹਾਂ ਨੇ ਅਕਾਲੀ ਦਲ ਨੂੰ ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿ ਦਿੱਤਾ ਸੀ।
ਦੂਜੇ ਪਾਸੇ 'ਆਪ' ਕੋਲ ਕੋਈ ਵੀ ਵੱਡਾ ਚਿਹਰਾ ਨਹੀਂ ਹੈ। ਜੇਕਰ ਸਿੱਧੀ 'ਆਪ' ਵਿੱਚ ਆਉਂਦੇ ਹਨ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਸਿੱਧੂ ਜੋੜੀ ਹੀ ਹੈ ਜੋ ਅਕਾਲੀ ਦਲ ਤੇ ਖਾਸਕਰ ਬਾਦਲ-ਮਜੀਠੀਆ ਖਿਲਾਫ ਖੁੱਲ੍ਹ ਕੇ ਬੋਲ ਸਕਦੀ ਹੈ। ਇਸ ਲਈ 'ਆਪ' ਦੀ ਵੀ ਇੱਛਾ ਹੈ ਕਿ ਸਿੱਧੀ ਜੋੜੀ ਪਾਰਟੀ ਵਿੱਚ ਆ ਜੋਵੇ।