ਚੰਡੀਗੜ੍ਹ: ਕੁਝ ਲੋਕ ਸਮਝਦੇ ਹਨ ਕਿ ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰਾਲਾ ਇਵੇਂ ਹੀ ਹੈ ਤੇ ਇਹ ਸਿੱਧੂ ਨੂੰ ਖੂੰਜੇ ਲਾਉਣ ਲਈ ਦਿੱਤਾ ਗਿਆ ਹੈ। ਇਹ ਤਾਂ ਬਹੁਤ ਮਹੱਤਵਪੂਰਨ ਮੰਤਰਾਲਾ ਹੈ। ਮੇਰਾ ਏਨਾ ਚੰਗੇ ਲੋਕਾਂ ਨਾਲ ਵਾਹ ਪੈਂਦਾ ਹੈ। ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਦਾ ਆਗਾਜ਼ ਕਰਦਿਆਂ ਇਹ ਗੱਲ ਕਹੀ ਹੈ। ਦੱਸਣਯੋਗ ਹੈ ਪਿਛਲੇ ਦਿਨਾਂ 'ਚ ਸਿੱਧੂ ਦੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ 'ਚ ਨਾਰਾਜ਼ਗੀਆਂ ਜੱਗ ਜ਼ਾਹਰ ਹੋਈਆਂ ਸਨ।
ਸਿੱਧੂ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਲਾ ਪ੍ਰੀਸ਼ਦ ਦੇ ਬੈਨਰ ਹੇਠ ਡਾ.ਸੁਰਜੀਤ ਪਾਤਰ ਦੀ ਅਗਵਾਈ ਵਿੱਚ ਕਲਚਰ ਪਾਰਲੀਮੈਂਟ ਬਣਾ ਕੇ ਅਸ਼ਲੀਲ ਤੇ ਲੱਚਰ ਗਾਇਕੀ ਵਿਰੁੱਧ ਲਾਮਬੰਦ ਹੋਇਆ ਜਾਵੇ। ਉਨ੍ਹਾਂ ਕਿਹਾ ਕਿ ਡਾ.ਰੰਧਾਵਾ ਨੂੰ ਸੱਚਾ ਕਰਮਯੋਗੀ ਅਤੇ ਬਹੁਪੱਖੀ ਸਖਸ਼ੀਅਤ ਦਾ ਮਾਲਕ ਦੱਸਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਨੂੰ ਵਿਰਸੇ ਵਿੱਚ ਅਜਿਹੇ ਇਨਸਾਨ ਦੀ ਸੋਚ ਅਤੇ ਮਾਰਗ ਦਰਸ਼ਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਨੂੰ ਰੰਧਾਵਾ ਹੁਰਾਂ ਵਰਗੀ ਸੋਚ ਦੀ ਲੋੜ ਹੈ ਜੋ ਸਾਨੂੰ ਪ੍ਰੇਰਨਾ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕਲਾ ਪ੍ਰੀਸ਼ਦ ਦੀਆਂ ਗਤੀਵਿਧੀਆਂ ਨੂੰ ਪਿੰਡਾਂ ਤੱਕ ਲਿਜਾਣ ਅਤੇ ਕਲਚਰ ਪਾਰਲੀਮੈਂਟ ਸਥਾਪਤ ਕਰਨ ਦੇ ਟੀਚੇ ਨੂੰ ਡਾ.ਪਾਤਰ ਦੀ ਅਗਵਾਈ ਹੇਠ ਪੂਰਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਕਲਾ ਪ੍ਰੀਸ਼ਦ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨ੍ਹਾਂ ਡਾ.ਰੰਧਾਵਾ ਦੇ ਜਨਮ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਮਨਾ ਕੇ ਉਨ੍ਹਾਂ ਦੀ ਸੋਚ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ
ਇਸ ਮੌਕੇ ਕਲਾ ਪ੍ਰੀਸ਼ਦ ਵੱਲੋਂ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਰੰਗਮੰਚ ਦੀ ਉੱਘੀ ਅਦਾਕਾਰਾ ਜਤਿੰਦਰ ਕੌਰ ਨੂੰ 'ਪੰਜਾਬ ਦਾ ਗੌਰਵ' ਪੁਰਸਕਾਰ ਅਤੇ ਲੋਕਧਾਰਾ ਨਾਲ ਜੁੜੇ ਕਹਾਣੀਕਾਰ ਜੋਗਿੰਦਰ ਸਿੰਘ ਕੈਰੋਂ ਨੂੰ 'ਉਮਰ ਕਾਲ ਦੀਆਂ ਪ੍ਰਾਪਤੀਆਂ' ਪੁਰਸਕਾਰ ਨਾਲ ਸਨਮਾਨਤ ਕੀਤਾ ਜਿਸ ਵਿੱਚ ਇਕ-ਇਖ ਲੱਖ ਰੁਪਏ ਦਾ ਨਗਦ ਇਨਾਮ ਵੀ ਦਿੱਤਾ। ਇਸ ਮੌਕੇ ਗੁਲਜ਼ਾਰ ਸਿੰਘ ਸੰਧੂ, ਡਾ.ਰੰਧਾਵਾ ਦੇ ਪੋਤਰੇ ਸਤਿੰਦਰ ਰੰਧਾਵਾ, ਲੋਕ ਗਾਇਕਾ ਸੁੱਖੀ ਬਰਾੜ ਦਾ ਵੀ ਸਨਮਾਨ ਕੀਤਾ ਗਿਆ।