ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਲ੍ਹਿਆਂਵਾਲਾ ਬਾਗ ਦੀ ਕਾਇਆ ਕਲਪ ਲਈ 100 ਕਰੋੜ ਰੁਪਏ ਦਿੱਤੇ ਜਾਣ। ਉਨ੍ਹਾਂ ਕਿਹਾ ਹੈ ਕਿ ਅਗਲੇ ਸਾਲ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ 100 ਸਾਲ ਪੂਰੇ ਹੋ ਰਹੇ ਹਨ ਤੇ ਉਸ ਤੋਂ ਪਹਿਲਾਂ ਇੱਥੇ ਸ਼ਹੀਦ ਹੋਏ ਲੋਕਾਂ ਦੀ ਵੱਡੀ ਯਾਦਗਾਰ ਬਣਾਈ ਜਾ ਜਾਣੀ ਹੈ।


ਸਿੱਧੂ ਨੇ ਅੱਜ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਹਰਿਮੰਦਰ ਸਾਹਿਬ ਤੇ ਜਲ੍ਹਿਆਂਵਾਲਾ ਬਾਗ ਵਿੱਚ ਹਰ ਰੋਜ਼ ਲੱਖਾਂ ਸੈਲਾਨੀ ਆਉਂਦੇ ਹਨ ਪਰ ਉਨ੍ਹਾਂ ਲਈ ਇੱਥੇ ਕੋਈ ਵੀ ਖਾਸ ਪ੍ਰਬੰਧ ਨਹੀਂ ਜਿਸ ਕਰਕੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਵੱਲ ਧਿਆਨ ਦੇਣ ਲਈ ਕਿਹਾ ਹੈ।

ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਪੂਰੇ ਦੇਸ਼ ਲਈ ਬੜੀ ਅਹਿਮ ਸ਼ਹੀਦੀ ਯਾਦਗਾਰ ਹੈ। ਇਸ ਸਾਕੇ ਦੇ 100 ਸਾਲ ਪੂਰੇ ਹੋਣ ਸਮੇਂ ਇੱਕ ਸੰਸਾਰ ਪੱਧਰੀ ਸਮਾਗਮ ਵੀ ਕਰਵਾਇਆ ਜਾਵੇਗਾ। ਉਸ ਵਿੱਚ ਹਰ ਧਰਮ ਤੇ ਰਾਜਨੀਤਕ ਦਲ ਨਾਲ ਜੁੜੇ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੰਦੇ ਹਨ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਜਾਣਗੇ।

ਭਾਜਪਾ ਵੱਲੋਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਕੱਲ੍ਹ ਦਿੱਤੇ ਜਾਣ ਵਾਲੇ ਧਰਨਿਆਂ ਬਾਰੇ ਸਿੱਧੂ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ ਸਾਲ ਵੀ ਨਹੀਂ ਹੋਇਆ ਕਿ ਇਹ ਧਰਨੇ ਦੇਣ ਲੱਗੇ ਹਨ। ਪਿਛਲੇ 10 ਸਾਲ ਇਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਸੀ। ਜੇਕਰ ਪਿਛਲੇ 10 ਸਾਲਾਂ ਵਿੱਚ ਵਿਕਾਸ ਨਹੀਂ ਹੋਇਆ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਧਰਨੇ ਸਾਡੇ ਖਿਲਾਫ ਨਹੀਂ ਬਲਕਿ ਆਪਣੇ ਹੀ ਖਿਲਾਫ ਦੇਣ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਸੀ ਤਾਂ ਭਾਜਪਾ ਵਾਲੇ ਇੱਕ ਜਥੇਦਾਰ ਦੇ ਕਹਿਣ 'ਤੇ ਚੱਲਦੇ ਸਨ। ਇਹ ਹੀ ਕਾਰਨ ਹੈ ਕਿ ਅੱਜ ਭਾਜਪਾ ਕੋਲ ਪੰਜਾਬ ਵਿੱਚ ਸਿਰਫ ਦੋ ਹੀ ਸੀਟਾਂ ਹਨ।

ਸਿੱਧੂ ਨੇ ਇੱਕ ਵਾਰ ਫਿਰ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਬਾਦਲ ਸਿੱਧੂ ਤੋਂ ਡਰਦੇ ਸਨ। ਇਸੇ ਕਰਕੇ ਉਨ੍ਹਾਂ ਨੇ ਅਕਾਲੀਆਂ ਦੇ ਨਾਲ-ਨਾਲ ਭਾਜਪਾ ਨੂੰ ਵੀ ਛੱਡਣ ਦਾ ਫੈਸਲਾ ਕੀਤਾ ਸੀ। ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਬਠਿੰਡੇ ਤੋਂ ਚੋਣ ਲੜਨ ਦੇ ਚੈਲੈਂਜ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਮੈਂ ਇੱਕ ਮੰਤਰੀ ਹਾਂ ਤੇ ਮੈਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਨਾ ਛੱਡਣ ਕਰਕੇ ਹੀ ਕਾਂਗਰਸ ਵਿੱਚ ਆਇਆ ਸੀ। ਜੇਕਰ ਉਸ ਨੂੰ ਜ਼ਿਆਦਾ ਚਾਅ ਹੈ ਤਾਂ ਉਹ ਅੰਮ੍ਰਿਤਸਰ ਆ ਕੇ ਚੋਣ ਲੜ ਲਵੇ। ਸਿੱਧੂ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਹਰਸਿਮਰਤ ਬਾਦਲ ਬਠਿੰਡੇ ਤੋਂ ਭੱਜਣਾ ਚਾਹੁੰਦੀ ਹੈ ਕਿਉਂਕਿ ਬੀਤੀਆਂ ਚੋਣਾਂ ਵਿੱਚ ਬਠਿੰਡੇ ਦੇ ਲੋਕਾਂ ਨੇ ਉਸ ਨੂੰ ਬਹੁਤ ਘੱਟ ਵੋਟਾਂ ਨਾਲ ਜਿੱਤ ਦਵਾਈ ਸੀ।