ਪਟਿਆਲਾ : ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ 'ਚ ਬੰਦ ਨਵਜੋਤ ਸਿੱਧੂ ਨੇ ਜੇਲ 'ਚ ਦਾਲ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਜੇਲ੍ਹ ਦੀ ਪਹਿਲੀ ਰਾਤ ਸਿਰਫ਼ ਸਲਾਦ ਅਤੇ ਫਲ ਖਾ ਕੇ ਕੱਟੀ। ਸਿੱਧੂ ਪਟਿਆਲਾ ਜੇਲ੍ਹ ਵਿੱਚ ਕੈਦੀ ਨੰਬਰ 241383 ਬਣ ਗਿਆ ਹੈ। ਕੈਦੀ ਦਾ ਨੰਬਰ ਅਲਾਟ ਹੋਣ ਤੋਂ ਬਾਅਦ ਉਸ ਨੂੰ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਉਸਨੂੰ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ 8 ਕੈਦੀਆਂ ਨਾਲ ਰੱਖਿਆ ਗਿਆ ਹੈ। ਬੈਰਕ 'ਚ ਸਿੱਧੂ ਨੇ ਪਹਿਲੀ ਰਾਤ ਸੀਮਿੰਟ ਦੇ ਬਣੇ ਥੜੇ 'ਤੇ ਬਿਤਾਈ ਹੈ।
ਦੱਸ ਦੇਈਏ ਕਿ ਸਿੱਧੂ ਨੂੰ 1988 ਦੇ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਸੈਸ਼ਨ ਕੋਰਟ 'ਚ ਆਤਮ ਸਮਰਪਣ ਤੋਂ ਬਾਅਦ ਪਹਿਲਾਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਿੱਧੂ ਨੂੰ ਸ਼ੁੱਕਰਵਾਰ ਸ਼ਾਮ 7.15 ਵਜੇ ਜੇਲ ਮੈਨੂਅਲ ਮੁਤਾਬਕ ਦਾਲ ਅਤੇ ਰੋਟੀ ਦਿੱਤੀ ਗਈ ਸੀ, ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੇ ਸਿਰਫ ਸਲਾਦ ਅਤੇ ਫਲ ਹੀ ਖਾਦਾ ਸੀ।
ਕਣਕ ਤੋਂ ਐਲਰਜੀ, ਸਪੈਸ਼ਲ ਡਾਇਟ ਦੀ ਸਿੱਧੂ ਨੇ ਕੀਤੀ ਮੰਗ
ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਸ ਨੂੰ ਲੀਵਰ ਦੀ ਸਮੱਸਿਆ ਹੈ। ਇਸ ਦੇ ਮੱਦੇਨਜ਼ਰ ਸਿੱਧੂ ਨੇ ਜੇਲ੍ਹ ਪ੍ਰਸ਼ਾਸਨ ਤੋਂ ਵਿਸ਼ੇਸ਼ ਖੁਰਾਕ ਦੀ ਮੰਗ ਕੀਤੀ ਹੈ। ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਹ ਕਣਕ ਦੀ ਰੋਟੀ ਨਹੀਂ ਖਾ ਸਕਦਾ। ਉਹ ਲੰਬੇ ਸਮੇਂ ਤੋਂ ਰੋਟੀ ਨਹੀਂ ਖਾ ਰਿਹਾ ਹੈ, ਇਸ ਲਈ ਉਸਨੇ ਇੱਕ ਵਿਸ਼ੇਸ਼ ਖੁਰਾਕ ਲਈ ਕਿਹਾ ਹੈ। ਉਸ ਨੇ ਮੈਡੀਕਲ ਦੌਰਾਨ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ।
ਸਿੱਧੂ ਨੂੰ ਜੇਲ 'ਚ ਮਿਲਿਆ ਇਹ ਸਾਮਾਨ
ਜੇਲ੍ਹ ਪ੍ਰਸ਼ਾਸਨ ਵੱਲੋਂ ਸਿੱਧੂ ਨੂੰ ਕੁਝ ਚੀਜ਼ਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਸਿੱਧੂ ਜੇਲ੍ਹ ਦੇ ਅੰਦਰ ਹੀ ਵਰਤ ਸਕਣਗੇ। ਸਿੱਧੂ ਨੂੰ ਇੱਕ ਕੁਰਸੀ-ਟੇਬਲ, ਇੱਕ ਅਲਮਾਰੀ, 2 ਪੱਗਾਂ, ਇੱਕ ਕੰਬਲ, ਇੱਕ ਬਿਸਤਰਾ, ਤਿੰਨ ਅੰਡਰਵੀਅਰ ਅਤੇ ਬਲੈਨ , 2 ਤੌਲੀਏ, ਇੱਕ ਮੱਛਰਦਾਨੀ, ਇੱਕ ਕਾਪੀ-ਪੈਨ, ਜੁੱਤੀਆਂ ਦਾ ਜੋੜਾ, 2 ਬੈੱਡਸ਼ੀਟਾਂ, ਦੋ ਸਿਰਹਾਣੇ ਅਤੇ 4 ਕੁਰਤੇ- ਪਜਾਮੇ ਦਿੱਤੇ ਗਏ ਹਨ। ਜੇਲ 'ਚ ਸਿੱਧੂ ਨੂੰ ਸਿਰਫ ਕੈਦੀਆਂ ਦੇ ਚਿੱਟੇ ਕੱਪੜੇ ਪਾਉਣੇ ਪੈਣਗੇ।
ਕੀ ਸੀ ਮਾਮਲਾ
27 ਦਸੰਬਰ 1988 ਨੂੰ ਨਵਜੋਤ ਸਿੰਘ ਸਿੱਧੂ ਸ਼ਾਮ ਵੇਲੇ ਆਪਣੇ ਦੋਸਤ ਰੁਪਿੰਦਰ ਸਿੰਘ ਸੰਧੂ ਨਾਲ ਪਟਿਆਲੇ ਦੇ ਸ਼ੇਰਾਵਾਲਾ ਗੇਟ ਬਜ਼ਾਰ ਵਿੱਚ ਗਏ ਸੀ। ਮਾਰਕੀਟ ਵਿੱਚ ਪਾਰਕਿੰਗ ਨੂੰ ਲੈ ਕੇ ਉਸ ਦੀ 65 ਸਾਲਾ ਗੁਰਨਾਮ ਸਿੰਘ ਨਾਲ ਬਹਿਸ ਹੋ ਗਈ, ਜੋ ਦੇਖਦੇ ਹੀ ਦੇਖਦੇ ਕੁੱਟਮਾਰ ਤੱਕ ਪਹੁੰਚ ਗਈ। ਲੜਾਈ ਵਿੱਚ ਸਿੱਧੂ ਨੇ ਗੋਡਾ ਮਾਰ ਕੇ ਗੁਰਨਾਮ ਸਿੰਘ ਨੂੰ ਡੇਗ ਦਿੱਤਾ ਸੀ। ਬਾਅਦ 'ਚ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਸਿੱਧੂ ਖਿਲਾਫ ਪੰਜਾਬ ਦੇ ਪਟਿਆਲਾ ਜ਼ਿਲੇ 'ਚ ਐੱਫ.ਆਈ.ਆਰ. ਇਸ ਤੋਂ ਬਾਅਦ 22 ਸਤੰਬਰ 1999 ਨੂੰ ਪਟਿਆਲਾ ਦੀ ਹੇਠਲੀ ਅਦਾਲਤ ਨੇ ਸਿੱਧੂ ਅਤੇ ਉਸ ਦੇ ਦੋਸਤ ਸੰਧੂ ਨੂੰ ਬਰੀ ਕਰ ਦਿੱਤਾ ਸੀ।
ਸਤੰਬਰ 2018 ਵਿੱਚ ਪੀੜਤ ਪਰਿਵਾਰ ਨੇ ਕਿਹਾ ਕਿ ਸਜ਼ਾ ਘੱਟ ਹੈ। ਫਿਰ ਉਸ ਨੇ ਸੁਪਰੀਮ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਾਇਰ ਕੀਤੀ। ਸੁਪਰੀਮ ਕੋਰਟ ਨੇ ਵੀ ਇਸ 'ਤੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ। 25 ਮਾਰਚ 2022 ਨੂੰ ਸੁਪਰੀਮ ਕੋਰਟ ਨੇ ਇਸ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਬਾਅਦ 19 ਮਈ ਨੂੰ ਰੋਡ ਰੇਜ ਦੇ ਮਾਮਲੇ 'ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ।