ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨੇ ਆਪਣਾ ਵਿਭਾਗ ਬਦਲੇ ਜਾਣ ਤੋਂ ਮਹੀਨੇ ਤੋਂ ਵੀ ਵੱਧ ਸਮੇਂ ਬਾਅਦ ਨਵਾਂ ਮੰਤਰਾਲਾ ਨਹੀਂ ਸੰਭਾਲਿਆ। ਕਾਂਗਰਸ ਹਾਈ ਕਮਾਨ ਨੇ ਵੀ ਇਸ ਮਾਮਲੇ 'ਤੇ ਹੁਣ ਰੁਖ਼ ਨਰਮ ਕਰ ਲਿਆ ਹੈ। ਸਿੱਧੂ-ਕੈਟਪਨ ਵਿਵਾਦ ਨੂੰ ਹੱਲ ਕਰਨ ਲਈ ਰਾਹੁਲ ਗਾਂਧੀ ਨੇ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਸੌਂਪੀ ਹੈ, ਪਰ ਕੈਪਟਨ ਸਰਕਾਰ ਦੇ ਤਿੰਨ-ਤਿੰਨ ਮੰਤਰੀ ਉਨ੍ਹਾਂ ਨੂੰ ਮਿਲ ਚੁੱਕੇ ਹਨ ਪਰ ਹਾਲੇ ਤਕ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ।

ਦਿੱਲੀ ਵਿੱਚ ਅਹਿਮਦ ਪਟੇਲ ਨਾਲ ਕੈਪਟਨ ਦੀ ਮੁਲਾਕਾਤ ਮਗਰੋਂ ਬ੍ਰਹਮ ਮੋਹਿੰਦਰਾ ਦੀ ਅਗਵਾਈ ਵਿੱਚ ਤਿੰਨ ਕੈਬਨਿਟ ਮੰਤਰੀ ਵੀ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੇ ਨਾਲ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਵੀ ਇਸ ਬੈਠਕ ਵਿੱਚ ਸ਼ਾਮਲ ਹੋਏ ਸਨ। ਬ੍ਰਹਮ ਮਹਿੰਦਰਾ ਵੀ ਸਿੱਧੂ ਖ਼ਿਲਾਫ਼ ਕਾਫੀ ਸਮਾਨ ਲੈ ਕੇ ਗਏ ਸਨ।

ਇੱਥੇ ਧਿਆਨ ਦੇਣ ਯੋਗ ਗੱਲ ਸਿੱਧੂ ਖ਼ਿਲਾਫ਼ ਦਸਤਾਵੇਜ਼ ਪੇਸ਼ ਕਰਨ ਦੇ ਬਾਵਜੂਦ ਕੈਪਟਨ ਹਾਈ ਕਮਾਨ ਤੋਂ ਸਿੱਧੂ ਖ਼ਿਲਾਫ਼ ਕਾਰਵਾਈ ਨਹੀਂ ਕਰਵਾ ਸਕੇ। ਬੀਤੀ ਛੇ ਜੂਨ ਨੂੰ ਬੇਸ਼ੱਕ ਵਿਭਾਗ ਪੰਜਾਬ ਦੇ ਮੰਤਰੀਆਂ ਦੇ ਬਦਲੇ ਗਏ ਹਨ, ਪਰ ਕੈਪਟਨ ਨੇ ਸਿਰਫ ਸਿੱਧੂ ਵਿੱਚ ਹੀ ਨੁਕਸ ਕੱਢਿਆ ਸੀ। ਇਸ ਤੋਂ ਬਾਅਦ ਨਵਜੋਤ ਸਿੱਧੂ ਸਰਕਾਰ ਤੇ ਪਾਰਟੀ ਤੋਂ ਪਾਸੇ ਹੋ ਗਏ ਹਨ।