ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪੁਲਵਾਮਾ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ ਪਰ ਉਨ੍ਹਾਂ ਦੀ ਗੱਲ਼ ਨੂੰ ਕਿਸੇ ਹੋਰ ਹੀ ਪਾਸੇ ਘੁੰਮਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਪਾਰਟੀ ਦੇ ਸਟੈਂਡ ਨਾਲ ਡਟ ਕੇ ਖੜ੍ਹੇ ਹਨ। ਸਿੱਧੂ ਨੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਕਰਦਾ ਕੋਈ ਹੈ ਤੇ ਭਰਦਾ ਕੋਈ ਹੈ। ਉਨ੍ਹਾਂ ਕਿਹਾ ਕਿ ਚੰਦ ਲੋਕ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੇ।
ਮਸ਼ਹੂਰ ਕਾਮੇਡੀ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਵਿੱਚੋਂ ਕੱਢਣ ਬਾਰੇ ਉਨ੍ਹਾਂ ਕਿਹਾ ਕਿ ਅਜੇ ਕੋਈ ਨੋਟਿਸ ਨਹੀਂ ਮਿਲਿਆ। ਉਨ੍ਹਾਂ ਦੀ ਜਗ੍ਹਾ ਹੁਣ ਅਰਚਨਾ ਪੂਰਨ ਸਿੰਘ ਦੀ ਸ਼ੋਅ ਵਿੱਚ ਐਂਟਰੀ ਬਾਰੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਰੁਝੇਵਿਆਂ ਕਰਕੇ ਟਾਈਮ ਨਹੀਂ, ਇਸ ਲਈ ਇਹ ਤਬਦੀਲੀ ਹੋਈ ਹੈ।
ਕਾਬਲੇਗੌਰ ਹੈ ਕਿ ਪੁਲਵਾਮਾ ਹਮਲੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਅਤਿਵਾਦੀਆਂ ਦੇ ਇਸ ਘਿਨੌਣੇ ਕਾਰੇ ਲਈ ਕਿਸੇ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਤਰਕ ਦਿੱਤਾ ਸੀ ਕਿ ਅਤਿਵਾਦੀਆਂ ਦਾ ਕੋਈ ਦੀਨ-ਮਜ਼ਹਬ ਨਹੀਂ ਹੁੰਦਾ ਤੇ ਇਸ ਲਈ ਨਿੱਜੀ ਤੌਰ ’ਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ।