ਚੰਡੀਗੜ੍ਹ: ਮੁੱਖ ਮੰਤਰੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਆਪਣੀ ਰਣਨੀਤੀ 'ਚ ਸਾਬਕਾ ਮੰਤਰੀ ਨਵਜੋਤ ਸਿੱਧੂ ਕਾਫੀ ਹੱਦ ਤੱਕ ਸਫਲ ਰਹੇ ਹਨ। ਉਨ੍ਹਾਂ ਨੇ ਜਿੱਥੇ ਕਾਂਗਰਸ ਹਾਈਕਮਾਨ ਸਾਹਮਣੇ ਆਪਣੀ ਗੱਲ ਜ਼ੋਰਦਾਰ ਢੰਗ ਨਾਲ ਰੱਖੀ ਹੈ, ਉੱਥੇ ਹੀ ਹੋਰ ਵਿਧਾਇਕਾਂ ਤੇ ਮੰਤਰੀਆਂ ਤੋਂ ਵੀ ਇਸ ਉੱਪਰ ਮੋਹਰ ਲਵਾਉਣ ਵਿੱਚ ਕਾਮਯਾਬ ਹੋਏ ਹਨ।
ਇਹ ਹੀ ਕਾਰਨ ਹੈ ਕਿ ਖੜਗੇ ਪੈਨਲ ਸਾਹਮਣੇ ਕਾਂਗਰਸੀ ਲੀਡਰਾਂ ਦੀ ਪੇਸ਼ੀ ਮਗਰੋਂ ਇਹ ਚਰਚਾ ਜ਼ੋਰ ਫੜਨ ਲੱਗੀ ਹੈ ਕਿ ਜੁਲਾਈ 2019 ਤੋਂ ਬਾਅਦ ਸਰਕਾਰ ਤੋਂ ਦੂਰ ਰਹੇ ਨਵਜੋਤ ਸਿੱਧੂ ਨੂੰ ਦੁਬਾਰਾ ਸਰਕਾਰ ਦਾ ਹਿੱਸਾ ਬਣਾਇਆ ਜਾਵੇ। ਹਾਲਾਤ ਇਹ ਬਣ ਗਏ ਹਨ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨਵਜੋਤ ਸਿੱਧੂ ਨੂੰ ਲੰਮੇ ਸਮੇਂ ਤਕ ਸਰਕਾਰ ਤੋਂ ਦੂਰ ਰੱਖਣ ਦਾ ਜ਼ੋਖਮ ਨਹੀਂ ਲੈਣਾ ਚਾਹੁੰਦੀ।
ਇਸ ਤੋਂ ਇਲਾਵਾ ਕਾਂਗਰਸੀ ਲੀਡਰਾਂ ਨੇ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਖੁੱਲ੍ਹ ਕੇ ਸਵਾਲ ਉਠਾਏ। ਕਮੇਟੀ ਸਾਹਮਣੇ ਪੇਸ਼ ਹੋਏ ਪੰਜਾਬ ਕਾਂਗਰਸ ਦੇ ਬਹੁਤੇ ਲੀਡਰਾਂ ਨੇ ਕਿਹਾ ਕਿ ਸਾਲ 2017 'ਚ ਪਾਰਟੀ ਨੇ ਜਿਹੜੇ ਮੁੱਦਿਆਂ ਦੀ ਬਦੌਲਤ ਸੱਤਾ ਹਾਸਲ ਕੀਤੀ ਸੀ, ਉਹ ਮੁੱਦੇ ਹੁਣ ਹਾਸ਼ੀਏ 'ਤੇ ਹਨ। ਕਈ ਲੀਡਰਾਂ ਨੇ ਸਿੱਧੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧੇ। ਨਵਜੋਤ ਸਿੱਧੂ ਤੇ ਵਿਧਾਇਕ ਪਰਗਟ ਸਿੰਘ ਨੇ ਖ਼ਾਸਕਰ ਕੈਪਟਨ ਵਿਰੁੱਧ ਭੜਾਸ ਕੱਢੀ।
ਦੋਵਾਂ ਆਗੂਆਂ ਨੇ ਕਿਹਾ ਕਿ ਹਾਈਕਮਾਨ ਦੇ ਦਖਲ ਤੋਂ ਬਗੈਰ ਇਸ ਵਿਵਾਦ ਦਾ ਹੱਲ ਨਹੀਂ ਹੋ ਸਕਦਾ। ਚਾਰ ਸਾਲਾਂ ਤੋਂ ਸਰਕਾਰ ਦੇ ਕੰਮ ਦਾ ਮੁਲਾਂਕਣ ਹੋਣਾ ਚਾਹੀਦਾ ਹੈ। ਬੇਅਦਬੀ ਦੇ ਮੁੱਦੇ 'ਤੇ ਪੰਜਾਬ ਹੀ ਨਹੀਂ, ਵਿਦੇਸ਼ਾਂ 'ਚ ਵਸਦੇ ਪੰਜਾਬੀ ਵੀ ਬੇਚੈਨ ਹਨ। ਹਰ ਕੋਈ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਖੁੱਲ੍ਹੇਆਮ ਘੁੰਮ ਰਹੇ ਮਾਫੀਆ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵਿਜੀਲੈਂਸ ਦੀ ਵਰਤੋਂ ਮਾਫੀਆ ਅਤੇ ਘੁਟਾਲਿਆਂ ਵਿਰੁੱਧ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਖਿਲਾਫ਼।
ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿੱਚ ਕਲੇਸ਼ ਨੂੰ ਸੁਲਝਾਉਣ 'ਚ ਲੱਗੀ ਤਿੰਨ ਮੈਂਬਰੀ ਕਮੇਟੀ ਨੇ ਮੰਗਲਵਾਰ ਨੂੰ ਵਿਰੋਧ ਦੀ ਅਗਵਾਈ ਕਰ ਰਹੇ ਨਵਜੋਤ ਸਿੱਧੂ ਸਮੇਤ 35 ਆਗੂਆਂ ਨਾਲ ਮੁਲਾਕਾਤ ਕੀਤੀ। ਲਗਪਗ ਦੋ ਘੰਟੇ ਮੀਟਿੰਗ ਤੋਂ ਬਾਅਦ ਬਾਹਰ ਆਏ ਨਵਜੋਤ ਸਿੱਧੂ ਦੇ ਤੇਵਰ ਸਖਤ ਸਨ।
ਉਨ੍ਹਾਂ ਕਿਹਾ, "ਪੰਜਾਬ ਦੇ ਸੱਚ ਅਤੇ ਹੱਕ ਦੀ ਗੱਲ ਮੈਂ ਬੁਲੰਦ ਆਵਾਜ਼ 'ਚ ਦੱਸ ਦਿੱਤੀ ਹੈ। ਪੰਜਾਬ ਨੂੰ ਜਿਤਾਉਣਾ ਹੈ ਤਾਂ ਪੰਜਾਬ ਵਿਰੋਧੀ ਤਾਕਤਾਂ ਨੂੰ ਹਰਾਉਣਾ ਹੋਵੇਗਾ। ਸੱਤਾ 'ਚ ਲੋਕਾਂ ਦੀ ਭਾਗੀਦਾਰੀ ਹੋਵੇ। ਲੋਕਾਂ ਤੋਂ ਇਕੱਤਰ ਕੀਤਾ ਟੈਕਸ ਉਨ੍ਹਾਂ ਦੇ ਵਿਕਾਸ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ।" ਸਿੱਧੂ ਨੇ ਕਿਹਾ, "ਮੇਰਾ ਜੋ ਸਟੈਂਡ ਸੀ, ਉਹ ਅੱਜ ਵੀ ਹੈ ਤੇ ਅੱਗੇ ਵੀ ਰਹੇਗਾ। ਸੱਚ ਨੂੰ ਦਬਾਇਆ ਜਾ ਸਕਦਾ ਹੈ, ਖਤਮ ਨਹੀਂ ਕੀਤਾ ਜਾ ਸਕਦਾ। ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਜਿੱਤ ਹੋਵੇਗੀ।"
ਦੋ ਦਿਨ ਤੋਂ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰ ਰਹੀ ਕਮੇਟੀ ਨੇ ਲਗਪਗ ਦੋ ਘੰਟੇ ਸਿੱਧੂ ਨਾਲ ਗੱਲਬਾਤ ਕੀਤੀ। ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ 30 ਮਿੰਟ ਤੇ ਹੋਰ ਆਗੂਆਂ ਨੂੰ 15 ਤੋਂ 20 ਮਿੰਟ ਦਾ ਸਮਾਂ ਮਿਲਿਆ। ਵਿਧਾਇਕ ਪਰਗਟ ਨੇ ਦੇਰ ਰਾਤ ਫ਼ੋਨ ਕਰਕੇ ਵਿਜੀਲੈਂਸ ਦੇ ਨਾਮ 'ਤੇ ਧਮਕਾਉਣ ਦਾ ਮੁੱਦਾ ਚੁੱਕਿਆ।
ਅੱਜ ਬੁੱਧਵਾਰ ਤੀਜੇ ਤੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਮੇਟੀ ਨਾਲ ਮੁਲਾਕਾਤ ਦੀ ਸੰਭਾਵਨਾ ਘੱਟ ਹੈ। ਸੀਐਮ ਦਫ਼ਤਰ ਦੇ ਅਧਿਕਾਰੀਆਂ ਦੇ ਅਨੁਸਾਰ ਮੁੱਖ ਮੰਤਰੀ ਵੀਰਵਾਰ ਨੂੰ ਮੁਲਾਕਾਤ ਕਰਨਗੇ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਮੁੱਖ ਮੰਤਰੀ ਆਪਣੀ ਸਹੂਲਤ ਮੁਤਾਬਕ ਮੁਲਾਕਾਤ ਕਰ ਸਕਦੇ ਹਨ।