ਚੰਡੀਗੜ੍ਹ: ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਭੇਜਿਆ ਜਾਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨਵਜੋਤ ਸਿੱਧੂ ਨੂੰ 10 ਮਈ ਯਾਨੀ ਭਲਕੇ ਤੋਂ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੀ ਡਿਊਟੀ ਲਾ ਦਿੱਤੀ ਹੈ।


ਪਿਛਲੇ ਕਈ ਦਿਨਾਂ ਤੋਂ ਸਵਾਲ ਉੱਠ ਰਹੇ ਸਨ ਕਿ ਨਵਜੋਤ ਸਿੱਧੂ ਕਿੱਥੇ ਹਨ, ਜਦਕਿ ਉਨ੍ਹਾਂ ਦੇ ਜੱਦੀ ਸੂਬੇ ਵਿੱਚ ਵੀ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਹੁਣ ਪਾਰਟੀ ਨੇ ਵੀ ਸਿੱਧੂ ਨੂੰ ਪੰਜਾਬ ਵੱਲ ਭੇਜਣ ਦਾ ਫੈਸਲਾ ਕਰ ਲਿਆ ਹੈ। ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ 10 ਮਈ ਤੋਂ ਬਾਅਦ ਜਦ ਹਰਿਆਣਾ 'ਚ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ ਤਾਂ ਸਿੱਧੂ ਪੰਜਾਬ ਵਿੱਚ ਪੰਜ ਦਿਨਾਂ ਦੇ ਅੰਦਰ-ਅੰਦਰ 10 ਰੈਲੀਆਂ ਕਰਨਗੇ।

ਕਾਂਗਰਸੀ ਸੂਤਰਾਂ ਮੁਤਾਬਕ ਜਿਨ੍ਹਾਂ ਖੇਤਰਾਂ ਵਿੱਚ ਕਾਂਗਰਸ ਪਾਰਟੀ ਪਛੜ ਰਹੀ ਹੈ, ਉੱਥੇ ਨਵਜੋਤ ਸਿੱਧੂ ਨੂੰ ਭੇਜਿਆ ਜਾਵੇਗਾ। ਜੇਕਰ ਉੱਥੋਂ ਪਾਰਟੀ ਹਾਰਦੀ ਹੈ ਤਾਂ ਨੁਕਸਾਨ ਠੀਕਰਾ ਸਿੱਧੂ ਸਿਰ ਭੰਨ੍ਹਿਆ ਜਾਵੇਗਾ। ਨਵਜੋਤ ਸਿੱਧੂ 10 ਮਈ ਨੂੰ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਚੰਡੀਗੜ੍ਹ ਆਉਣਗੇ।

10 ਮਈ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦਾ ਚੋਣ ਪ੍ਰਚਾਰ ਥੰਮ੍ਹ ਜਾਵੇਗਾ ਅਤੇ ਪੰਜਾਬ ਵਿੱਚ ਸੱਤਵੇਂ ਗੇੜ ਵਿੱਚ ਯਾਨੀ 19 ਮਈ ਨੂੰ ਲੋਕ ਸਭਾ ਲਈ ਵੋਟਾਂ ਪੈਣਗੀਆਂ। ਹਾਲਾਂਕਿ, ਸਿੱਧੂ ਦਾ ਪ੍ਰੋਗਰਾਮ ਹਾਲੇ ਤੈਅ ਨਹੀਂ। ਪਾਰਟੀ ਪੰਜਾਬ ਵਿੱਚ ਕੌਮੀ ਨੇਤਾ ਰਾਹੁਲ ਗਾਂਧੀ ਦੀ ਰੈਲੀ ਹਰ ਹਾਲ ਵਿੱਚ ਕਰਵਾਉਣੀ ਚਾਹੇਗੀ। ਇਸੇ ਤਰ੍ਹਾਂ ਬਿਹਾਰ ਨਾਲ ਸਬੰਧਤ ਵੋਟਰਾਂ ਨੂੰ ਭਰਮਾਉਣ ਲਈ ਕਾਂਗਰਸ ਨੇ ਜ਼ੀਰਕਪੁਰ ਤੇ ਲੁਧਿਆਣਾ ਵਿੱਚ ਫ਼ਿਲਮੀ ਸਿਤਾਰੇ ਸੱਤਰੂਘਨ ਸਿਨ੍ਹਾ ਦੀਆਂ ਰੈਲੀਆਂ ਕਰਵਾਉਣ ਦਾ ਪ੍ਰਗੋਰਾਮ ਤੈਅ ਕੀਤਾ ਹੈ।