ਦਰਅਸਲ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਪੇਸ਼ ਕਰਨ, ਦੋਵਾਂ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੇ ਕੁਝ ਹਮਾਇਤੀਆਂ ਟਿਕਟਾਂ ਦੇਣ ਦੀ ਸ਼ਰਤ ਰੱਖੀ ਸੀ। ਇਸ ਬਾਰੇ 'ਆਪ' ਲੀਡਰਾਂ ਨਾਲ ਗੱਲਬਾਤ ਦਾ ਲੰਬਾ ਦੌਰ ਚੱਲਿਆ ਪਰ ਅੰਤ ਵਿੱਚ ਕੇਜਰੀਵਾਲ ਨੇ ਇਹ ਸ਼ਰਤਾਂ ਮੰਨਣ ਤੋਂ ਅਸਮਰਥਾ ਪ੍ਰਗਟਾ ਦਿੱਤੀ ਹੈ। ਕੇਜਰੀਵਾਲ ਤੇ ਸਿੱਧੂ ਵਿਚਾਲੇ ਆਖਰੀ ਵਾਰ ਪਿਛਲੇ ਸ਼ੁੱਕਰਵਾਰ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਇਹ ਮਾਮਲੇ ਉੱਤੇ ਹੀ ਰੁਕਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਹੁਣ 'ਆਪ' ਵਿੱਚ ਸ਼ਾਮਲ ਹੋਣ ਦਾ ਵਿਚਾਰ ਛੱਡ ਦਿੱਤਾ ਹੈ। ਇਸ ਲਈ ਗੱਲਬਾਤ ਮੁੜ ਸ਼ੁਰੂ ਹੋਣ ਦੇ ਕੋਈ ਆਸਾਰ ਨਹੀਂ ਹਨ।
ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਸੰਵਿਧਾਨ ਮੁਤਾਬਕ ਕਿਸੇ ਵੀ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ। ਸਿੱਧੂ ਨੇ 'ਆਪ' ਨੂੰ ਸੰਵਿਧਾਨ ਵਿੱਚ ਸੋਧ ਕਰਨ ਲਈ ਕਿਹਾ ਹੈ ਪਰ ਕੇਜਰੀਵਾਲ ਨੇ ਇਨਕਾਰ ਕਰ ਦਿੱਤਾ ਹੈ। ਦੂਜਾ ਵੱਡਾ ਕਾਰਨ ਇਹ ਹੈ ਕਿ ਸਿੱਧੂ ਖਿਲਾਫ ਕਤਲ ਦੇ ਇਲਜ਼ਾਮ ਹਨ। ਇਸ ਲਈ ਪਾਰਟੀ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਾਵਰ ਐਲਾਨ ਕੇ ਕਿਸੇ ਵਿਵਾਦ ਵਿੱਚ ਨਹੀਂ ਫਸਣਾ ਚਾਹੁੰਦੀ। ਪਾਰਟੀ ਦੇ ਸੰਵਿਧਾਨ ਮੁਤਾਬਕ ਵੀ ਅਦਾਲਤ ਵੱਲੋਂ ਦੋਸ਼ੀ ਐਲਾਨੇ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਇਲਾਵਾ 'ਆਪ' ਦੀ ਪੰਜਾਬ ਇਕਾਈ ਵੀ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਦੇ ਖਿਲਾਫ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਨੇ ਆਪਣੇ ਹਮਾਇਤੀਆਂ ਲਈ 40 ਸੀਟਾਂ ਮੰਗੀਆਂ ਸਨ। 'ਆਪ' ਨੇ ਇਹ ਗੱਲ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ 'ਟਾਈਮਜ ਆਫ ਇੰਡੀਆ' ਮੁਤਾਬਕ ਨਵਜੋਤ ਸਿੱਧੂ 40 ਤੋਂ 14 ਸੀਟਾਂ 'ਤੇ ਆ ਗਿਆ ਹੈ। ਇਸ ਵਿੱਚ ਉਹ ਖੁਦ ਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੈ ਪਰ ਇੱਕ ਪਰਿਵਾਰ ਇੱਕ ਟਿਕਟ ਦੇ ਸਿਧਾਂਤ ਕਰਕੇ ਕੇਜਰੀਵਾਲ਼ ਨੇ ਸਿੱਧੂ ਨੂੰ ਕੋਰੀ ਨਾ ਕਰ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਨੇ 'ਆਪ' ਵਿੱਚ ਜਾਣ ਦਾ ਵਿਚਾਰ ਛੱਡ ਕੇ ਕਾਂਗਰਸ ਨਾਲ ਗੱਲ ਤੋਰੀ ਹੈ। ਇਹ ਵੀ ਚਰਚਾ ਹੈ ਕਿ ਸਿੱਧੂ ਦੇ ਕਾਂਗਰਸ ਵਿੱਚ ਆਉਣ ਦੇ ਰਾਹ ਵਿੱਚ ਪੰਜਾਬ ਦਾ ਕਈ ਲੀਡਰ ਹੀ ਅੜਿੱਕਾ ਬਣੇ ਹੋਏ ਹਨ। ਇਨ੍ਹਾਂ ਵਿੱਚ ਸਭ ਤੋਂ ਉੱਪਰ ਨਾਂ ਮਨਪ੍ਰੀਤ ਸਿੰਘ ਬਾਦਲ ਦਾ ਹੈ। ਪਤਾ ਲੱਗਾ ਹੈ ਕਿ ਕਾਂਗਰਸ ਵਿੱਚ ਰਲੇਵੇਂ ਸਮੇਂ ਮਨਪ੍ਰੀਤ ਨੂੰ ਕੈਪਟਨ ਤੋਂ ਬਾਅਦ ਦੂਜੇ ਨੰਬਰ 'ਤੇ ਤਰਜੀਹ ਦੇਣ ਦਾ ਵਾਅਦਾ ਕੀਤਾ ਗਿਆ ਸੀ। ਮਨਪ੍ਰੀਤ ਵੱਲੋਂ ਆਪਣਾ ਰੋਸ ਰਾਹੁਲ ਗਾਂਧੀ ਕੋਲ ਦਰਜ ਕਰਵਾਉਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਮਨਪ੍ਰੀਤ ਨਾਲ਼ ਗੱਲ ਕਰਨ ਲਈ ਆਖਿਆ ਹੈ।