ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਜਿੱਥੇ ਮਰਜ਼ੀ ਆ ਕੇ ਉਹਨਾਂ ਨਾਲ ਖੁੱਲੀ ਬਹਿਸ ਕਰ ਸਕਦੇ ਹਨ ਅਤੇ ਬਹਿਸ ਵਿੱਚ ਜੇਕਰ ਸਿੱਧੂ ਝੂਠੇ ਪਾਏ ਜਾਂਦੇ ਹਨ ਤਾਂ ਉਹ ਹਮੇਸ਼ਾਂ ਲਈ ਸਿਆਸਤ ਛੱਡ ਦੇਣਗੇ।

ਸਿੱਧੂ ਗੁਰਦਾਸਪੁਰ ਦੇ ਤਿੱਬੜ ਪਿੰਡ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਚੋਣ ਪ੍ਰਚਾਰ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਉਹ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਕਰੀਬ ਪਿਛਲੇ 10 ਦਿਨਾਂ ਤੋਂ ਸੁਖਬੀਰ ਨੂੰ ਜਨਤਕ ਬਹਿਸ ਕਰਨ ਲਈ ਚੁਣੌਤੀ ਦੇ ਰਹੇ ਹਨ ਪਰ ਸੁਖਬੀਰ ਵਲੋਂ ਹੁਣ ਤੱਕ ਇਸ ਬਹਿਸ ਵਿੱਚ ਸ਼ਾਮਿਲ ਹੋਣ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸਗੋਂ ਉਹ ਇਸ ਜ਼ਿਮਨੀ ਚੋਣ ਨੂੰ ਗ਼ਲਤ ਰੰਗਤ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਸਿੱਧੂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਇੱਕ ਵਿਧਾਇਕ ਹਨ ਜਦਕਿ ਉਹ ਇੱਕ ਕੈਬਨਿਟ ਮੰਤਰੀ ਹਨ। ਇਸ ਤੋਂ ਇਲਾਵਾ ਸੁਖਬੀਰ ਕੈਪਟਨ ਅਮਰਿੰਦਰ ਨਾਲ ਬਹਿਸ ਕਰਨ ਲਈ ਸਮਰੱਥ ਨਹੀਂ ਹਨ ਅਤੇ ਇਹ ਹੀ ਕਾਰਨ ਹੈ ਕਿ ਮੈਂ ਇੱਕ ਮੰਤਰੀ ਹੋਣ ਦੇ ਨਾਤੇ ਉਸ ਨੂੰ ਜਨਤਕ ਬਹਿਸ ਲਈ ਸੱਦਾ ਦੇ ਰਿਹਾ ਹਾਂ ਕਿਉਂਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ 10 ਸਾਲ ਪੰਜਾਬ 'ਚ ਰਹੀ ਸਰਕਾਰ ਨੇ ਪੰਜਾਬ ਨੂੰ ਬੁਰੀ ਤਰਾਂ ਲੁੱਟਿਆ ਹੈ।

ਇਸ ਮੌਕੇ ਸਿੱਧੂ ਨੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਲਾਰੀਆ ਅਤੇ ਜਾਖੜ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਸਲਾਰੀਆ ਨੇ ਅੱਜ ਤੱਕ ਪੰਚਾਇਤ ਤੱਕ ਦੀ ਚੋਣ ਵੀ ਨਹੀਂ ਲੜੀ। ਉਹਨਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਰੁਣ ਜੇਟਲੀ ਦੀ ਹੋਈ ਹਾਰ ਦਾ ਠੀਕਰਾ ਅਕਾਲੀ ਦਲ ਸਿਰ ਭੰਨਦਿਆਂ ਕਿਹਾ ਕਿ ਅਕਾਲੀ ਦਲ ਹੁਣ ਭਾਜਪਾ 'ਤੇ ਬੋਝ ਬਣਦਾ ਜਾ ਰਿਹਾ ਹੈ ਕਿਉਂਕਿ ਗੁਰਦਾਸਪੁਰ ਚੋਣ ਵਿੱਚ ਵੀ ਅਕਾਲੀ ਹੀ ਭਾਜਪਾ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।