ਅੰਮ੍ਰਿਤਸਰ: ਦਰਦਨਾਕ ਰੇਲ ਹਾਦਸੇ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਵਿਰੁੱਧ ਜੰਮ ਕੇ ਭੜਾਸ ਕੱਢੀ। ਅਕਾਲੀ ਦਲ 'ਤੇ ਵਾਰ ਕਰਦਿਆਂ ਸਿੱਧੂ ਨੇ ਜਿੱਥੇ ਸੁਖਬੀਰ ਬਾਦਲ ਨੂੰ ਇੱਕ ਫਲ ਨਾਲ ਮੇਲਦਿਆਂ ਇੱਕ ਥਾਂ ਆਪਾ ਗੁਆਉਂਦੇ ਵੀ ਵਿਖਾਈ ਦਿੱਤੇ।
ਸਿੱਧੂ ਨੇ ਸੁਖਬੀਰ ਨੂੰ 'ਆਲੂਬੁਖਾਰਾ' ਕਰਾਰ ਦਿੱਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 'ਧ੍ਰਿਤਰਾਸ਼ਟਰ' ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਭ ਕੁਝ ਦੇਖਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ 'ਮੀਸਣਾ' ਤੇ 'ਮਚਲਾ' ਵੀ ਦੱਸਿਆ।
ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਨਾ ਸਿਰਫ਼ ਲੁੱਟਿਆ ਬਲਕਿ ਸੂਬੇ ਦੀ ਬੋਲੀ ਹੀ ਲਾ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਵਿੱਤਰ ਜਮਾਤ ਸੀ ਪਰ ਬਾਦਲਾਂ ਨੇ ਇਸ ਨੂੰ ਨਿਜੀ ਜਾਇਦਾਦ ਬਣਾ ਦਿੱਤਾ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਅਕਾਲੀ ਦਲ 'ਤੇ ਨਵਜੋਤ ਸਿੱਧੂ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਅਜਿਹੇ 'ਚ ਕੈਬਨਿਟ ਮੰਤਰੀ ਨਵਜੋਤ ਸਿੱਧੂ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਰਮਿਆਨ ਤਕਰਾਰਬਾਜ਼ੀ ਜਾਰੀ ਹੈ।