ਬਰਨਾਲਾ: ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਬਾਗ਼ੀ ਸੁਰਾਂ ਤੇ ਉਨ੍ਹਾਂ ਦੇ ਨਜ਼ਦੀਕੀ ਭਗੌੜੇ ਮੁਜਰਮ 'ਤੇ ਹੋਈ ਪੁਲਿਸ ਕਾਰਵਾਈ ਕਰਕੇ ਮਾਮਲਾ ਸੁਰਖੀਆਂ ਵਿੱਚ ਹੈ। ਇਸ 'ਤੇ ਕੈਪਟਨ ਸਰਕਾਰ ਬੈਕਫੁੱਟ 'ਤੇ ਚਲੀ ਗਈ ਹੈ ਪਰ ਕੈਪਟਨ ਦੇ ਮੰਤਰੀ ਨਵਜੋਤ ਸਿੱਧੂ ਮੁਤਾਬਕ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।
ਸਿੱਧੂ ਨੇ ਬਰਨਾਲਾ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ੀਰਾ ਵਾਲੇ ਮਸਲੇ ਨੂੰ ਕਮਰੇ ਅੰਦਰ ਬੈਠ ਕੇ ਅਸੀਂ ਆਪਸ ਵਿੱਚ ਸੁਲਝਾ ਲਵਾਂਗੇ। ਉਨ੍ਹਾਂ ਇਸ ਬਾਰੇ ਕੁਝ ਵੀ ਹੋਰ ਬੋਲਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਵਿਧਾਇਕ ਜ਼ੀਰਾ, ਸੁਰਜੀਤ ਸਿੰਘ ਧੀਮਾਨ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਮੇਂ-ਸਮੇਂ 'ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚੁੱਕੇ ਸਵਾਲਾਂ ਤੇ ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਕੈਪਟਨ ਨੇ ਆਪਣੇ ਲੀਡਰਾਂ ਨੂੰ ਸ਼ਾਂਤ ਕਰਨ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਫੌਰੀ ਐਕਸ਼ਨ ਲੈਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜਾਂ ਵਿੱਚ ਹੁੰਦੀ ਦੇਰੀ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਕੁਝ ਮਨਜੂਰੀਆਂ ਲੈਣੀਆਂ ਬਕਾਇਆ ਹਨ, ਇਸ ਲਈ ਕੰਮ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਆਪਣੀ ਸਰਕਾਰ ਤੇ ਵਿਭਾਗ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਨ੍ਹਾਂ ਦੀਆਂ ਨਵੀਆਂ ਨਿਤੀਆਂ ਕਾਰਨ ਸ਼ਹਿਰਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਇਹ ਕਿਹਾ ਕਿ ਜੋ ਵੀ ਕੋਈ ਨਾਜਾਇਜ਼ ਉਸਾਰੀ ਕਰੇਗਾ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਵਜੋਤ ਸਿੱਧੂ ਨੇ ਬਰਨਾਲਾ ਜ਼ਿਲ੍ਹੇ ਨੂੰ ਪੰਜਾਹ ਕਰੋੜ ਦੀ ਗ੍ਰਾਂਟ ਵੀ ਜਾਰੀ ਕੀਤੀ।