ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੌਰੇ ਤੋਂ ਬਾਅਦ ਹੁਣ ਅਸਤੀਫ਼ਾ ਦੇ ਚੁੱਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਿੱਲੀ ਪਹੁੰਚ ਗਏ ਹਨ। ਕੈਪਟਨ ਬੀਤੇ ਕੱਲ੍ਹ ਹੀ ਚੰਡੀਗੜ੍ਹ ਪਰਤੇ ਸਨ। ਇਸ ਦੌਰਾਨ ਅੱਜ ਦੀ ਕੈਬਨਿਟ ਬੈਠਕ ਵੀ ਮੁਲਤਵੀ ਕਰ ਦਿੱਤੀ ਗਈ ਹੈ।

ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੇ ਦਿੱਲੀ ਪਹੁੰਚ ਕੇ ਕਈ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕਰ ਲਈ ਹੈ। ਇਸ ਦੌਰਾਨ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਛੇ ਜੂਨ ਨੂੰ ਸਿੱਧੂ ਸਮੇਤ ਆਪਣੇ 13 ਮੰਤਰੀਆਂ ਦੇ ਵਿਭਾਗ ਬਦਲੇ ਸਨ। ਇਸ ਤੋਂ ਬਾਅਦ ਸਿੱਧੂ ਨੇ ਨਵੇਂ ਬਿਜਲੀ ਮੰਤਰਾਲਾ ਦਾ ਕਾਰਜਭਾਰ ਨਹੀਂ ਸੀ ਸੰਭਾਲਿਆ।

ਸਿੱਧੂ ਦੀ ਬਠਿੰਡਾ ਵਿੱਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਦਿੱਤੇ ਫਰੈਂਡਲੀ ਮੈਚ ਸਬੰਧੀ ਬਿਆਨ ਮਗਰੋਂ ਕੈਪਟਨ ਦੇ ਇਸ ਐਕਸ਼ਨ ਤੋਂ ਬਾਅਦ ਇਹ ਦਿੱਲੀ ਦਾ ਦੂਜਾ ਦੌਰਾ ਹੈ। ਆਪਣੇ ਪਹਿਲੇ ਦੌਰੇ ਵਾਲੇ ਦਿਨ ਯਾਨੀ 10 ਜੂਨ ਨੂੰ ਹੀ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡਣ ਦਾ ਦਾਅਵਾ ਕੀਤਾ ਸੀ।

ਹਾਲਾਂਕਿ, ਸਿੱਧੂ ਨੇ ਇਸ ਦਾ ਖੁਲਾਸਾ ਮਹੀਨੇ ਤੋਂ ਬਾਅਦ ਕੀਤਾ ਸੀ, ਪਰ ਹੁਣ ਸਿੱਧੂ ਦਾ ਇਹ ਦਿੱਲੀ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉੱਧਰ, ਕੈਪਟਨ ਨੇ ਵੀ ਸਿੱਧੂ ਦੇ ਅਸਤੀਫ਼ੇ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਦੇਖਣਾ ਹੋਵੇਗਾ ਕਿ ਹੁਣ ਪੰਜਾਬ ਕਾਂਗਰਸ ਵਿੱਚ ਕੀ ਨਵਾਂ ਵਾਪਰਦਾ ਹੈ।