ਚੰਡੀਗੜ੍ਹ: ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਸ਼ਕਲ ‘ਚ ਫਸੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਨੇ ਹੁਣ ਤਕ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਹੈ। ਉਹ ਕੱਲ੍ਹ ਦਿੱਲੀ ਤੋਂ ਚੰਡੀਗੜ੍ਹ ਪਰਤ ਆਏ ਹਨ। ਮੀਡੀਆ ਵਿੱਚ ਚਰਚਾ ਹੈ ਕਿ ਉਹ ਅੱਜ ਸ਼ਾਮ ਤਕ ਕੋਈ ਨਾ ਕੋਈ ਫੈਸਲਾ ਲੈ ਲੈਣਗੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਅਜਿਹੇ ਸੰਕੇਤ ਦਿੱਤੇ ਹਨ। ਅਜਿਹੇ ‘ਚ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ।

ਖ਼ਬਰਾਂ ਨੇ ਕਿ ਸੀਐਮ ‘ਤੇ ਤਿੰਨ-ਚਾਰ ਮੰਤਰੀਆਂ ਦਾ ਦਬਾਅ ਹੈ ਕਿ ਉਹ ਸਿੱਧੂ ਦੇ ਅਸਤੀਫੇ ਨੂੰ ਸਵੀਕਾਰ ਕਰਨ। ਉਧਰ ਹੀ ਕੁਝ ਲੀਡਰ ਚਾਹੁੰਦੇ ਹਨ ਕਿ ਸਿੱਧੂ ਨੂੰ ਕੈਬਿਨਟ ਤੋਂ ਬਾਹਰ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਸਿੱਧੂ ਦੇ ਹੱਕ ਦੀ ਲਹਿਰ ਚੱਲ ਰਹੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉਹ ਸਾਫ਼ ਗੱਲ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸਿੱਧੂ ਕੈਬਿਨਟ ‘ਚ ਤੀਜੇ ਨੰਬਰ ਦੇ ਸਭ ਤੋਂ ਸੀਨੀਅਰ ਨੇਤਾ ਹਨ। ਉਹ ਆਪਣੀ ਹੀ ਸਰਕਾਰ ਖਿਲਾਫ ਜਨਤਕ ਤੌਰ ‘ਤੇ ਬਿਆਨਬਾਜ਼ੀ ਕਰਦੇ ਹਨ। ਇਸ ਬਾਰੇ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਦੇ ਸਮੇਂ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਚੰਡੀਗੜ੍ਹ ਜਾ ਕੇ ਸਿੱਧੂ ਦੇ ਅਸਤੀਫੇ ‘ਤੇ ਫੈਸਲਾ ਲੈਣਗੇ।

ਬੁੱਧਵਾਰ ਦੇਰ ਸ਼ਾਮ ਤਕ ਮੁੱਖ ਮੰਤਰੀ ਦਿੱਲੀ ਤੋਂ ਵਾਪਸ ਆਉਣ ਸਮੇਂ ਵੀ ਸਿੱਧੂ ਦੇ ਅਸਤੀਫੇ ‘ਤੇ ਫੈਸਲਾ ਨਹੀਂ ਲੈ ਸਕੇ। ਇਸ ਤੋਂ ਬਾਅਦ ਦੋ-ਤਿੰਨ ਦਿਨ ‘ਚ ਸੀਐਮ ਦੇ ਸਿੱਧੂ ਬਾਰੇ ਜੋ ਬਿਆਨ ਦਿੱਤੇ, ਉਸ ਤੋਂ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਕੈਪਟਨ, ਸਿੱਧੂ ਦੇ ਅਸਤੀਫੇ ਨੂੰ ਸਵੀਕਾਰ ਕਰਨ ਤੇ ਨਾ ਕਰਨ ਨੂੰ ਲੈ ਕੇ ਦੁਬਿਧਾ ‘ਚ ਹਨ।