ਸਰਕਾਰੀ ਰਿਹਾਇਸ਼ ਖਾਲੀ ਕਰਨ ਤੋਂ ਬਾਅਦ ਸਿੱਧੂ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਉਂਜ ਸਿੱਧੂ ਨੇ ਬੀਤੇ ਕੱਲ੍ਹ ਹੀ ਕੋਠੀ ਵਿਚਲਾ ਕਾਫੀ ਸਮਾਨ ਟਰੱਕ ਰਾਹੀਂ ਭਿਜਵਾ ਦਿੱਤਾ ਸੀ ਪਰ ਬਾਕੀ ਸਮਾਨ ਅੱਜ ਉਹ ਖੁਦ ਆ ਕੇ ਲੈ ਗਏ।
ਸਵਾ ਦੋ ਸਾਲ ਪਹਿਲਾਂ ਕੈਪਟਨ ਸਰਕਾਰ ਵਿੱਚ ਮੰਤਰੀ ਬਣ ਜਾਣ ਤੋਂ ਬਾਅਦ ਸਿੱਧੂ ਨੂੰ ਇਹ ਸਰਕਾਰੀ ਕੋਠੀ ਮਿਲੀ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਬੀਤੀ 14 ਜੁਲਾਈ ਨੂੰ ਆਪਣਾ 10 ਜੂਨ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤਾ ਅਸਤੀਫ਼ਾ ਜਨਤਕ ਕਰ ਦਿੱਤਾ ਸੀ ਤੇ ਅਗਲੇ ਦਿਨ ਮੁੱਖ ਮੰਤਰੀ ਨੂੰ ਵੀ ਇਹ ਅਸਤੀਫਾ ਭੇਜ ਦਿੱਤਾ ਸੀ।
ਕੈਪਟਨ ਨੇ 20 ਜੁਲਾਈ ਨੂੰ ਸਿੱਧੂ ਦਾ ਅਸਤੀਫ਼਼ਾ ਪ੍ਰਵਾਨ ਕਰ ਲਿਆ ਸੀ, ਜਿਸ ਤੋਂ ਬਾਅਦ ਸਿੱਧੂ ਨੇ ਮੰਤਰੀ ਨੂੰ ਮਿਲਣ ਵਾਲੀਆਂ ਸਹੂਲਤਾਂ ਤਿਆਗਣੀਆਂ ਸ਼ੁਰੂ ਕਰ ਦਿੱਤੀਆਂ ਹਨ।