ਸਿੱਧੂ ਨੇ ਉਡਾਈਆਂ ਚੋਣ ਜ਼ਾਬਤੇ ਦੀਆਂ ਧੱਜੀਆਂ
ਏਬੀਪੀ ਸਾਂਝਾ | 28 Apr 2018 05:33 PM (IST)
ਜਲੰਧਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿੱਚ ਇੱਕ ਨਿੱਜੀ ਕਾਲਜ ਦੇ ਸਮਾਗਮ ਦੌਰਾਨ ਕਾਲਜ ਲਈ 10 ਲੱਖ ਰੁਪਏ ਗ੍ਰਾਂਟ ਦਾ ਐਲਾਨ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਦਿੱਤੀ। ਸ਼ਾਹਕੋਟ ਜਿਮਣੀ ਚੋਣ ਕਰ ਕੇ ਜ਼ਿਲ੍ਹੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਦਾ ਐਲਾਨ ਨਹੀਂ ਕੀਤਾ ਜਾ ਸਕਦਾ। ਸਿੱਧੂ ਨੇ ਕਾਲਜ ਦੀ ਸਾਇੰਸ ਲੈਬ ਵਾਸਤੇ ਪੰਜ ਲੱਖ ਤੇ ਕੰਪਿਊਟਰ ਲੈਬ ਵਾਸਤੇ ਪੰਜ ਲੱਖ ਰੁਪਏ ਦਾ ਐਲਾਨ ਕੀਤਾ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਜਦੋਂ ਨਵਜੋਤ ਸਿੱਧੂ ਤੋਂ ਇਸ ਬਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੁਝ ਵੀ ਨਹੀਂ ਬੋਲੇ ਤੇ ਗੱਡੀ ਵਿੱਚ ਬੈਠ ਕੇ ਚਲੇ ਗਏ। ਉੱਧਰ ਜਲੰਧਰ ਦੇ ਡੀਸੀ ਵਰਿੰਦਰ ਸ਼ਰਮਾ ਨੇ ਏਬੀਪੀ ਸਾਂਝਾ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇਸ ਮਸਲੇ ਦੀ ਹਾਲੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਵੇਂ ਹੋਇਆ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼ਾਹਕੋਟ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਇੱਥੇ ਜ਼ਿਮਣੀ ਚੋਣ ਹੋਣੀ ਹੈ। ਇਸ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲੱਗਾ ਹੈ। ਸ਼ਾਹਕੋਟ ਵਿੱਚ 28 ਮਈ ਨੂੰ ਚੋਣਾਂ ਹੋਣੀਆਂ ਹਨ। ਇਸ ਚੋਣ ਲਈ ਸਿਰਫ ਅਕਾਲੀ ਦਲ ਨੇ ਹੁਣ ਤਕ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ। ਅਜੀਤ ਸਿੰਘ ਕੋਹਾੜ ਦੇ ਬੇਟੇ ਨਾਇਬ ਸਿੰਘ ਕੋਹਾੜ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਹਨ।