ਚੰਡੀਗੜ੍ਹ: ਜਦੋਂ ਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੂੰ ਕਰਤਾਪੁਰ ਲਾਂਘੇ ਦੇ ਉਦਘਾਟਨੀ ਸਮਾਗਮ ‘ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ, ਉਦੋਂ ਤੋਂ ਹੀ ਸਿੱਧੂ ਮੁੜ ਸੁਰਖੀਆਂ ‘ਚ ਹਨ। ਤਾਜ਼ਾ ਖਬਰ ਹੈ ਕਿ 9 ਨਵੰਬਰ ਨੂੰ ਕਰਤਾਰਪੁਰ ਕੌਰੀਡੋਰ ਰਾਹੀਂ ਨਵਜੋਤ ਸਿੱਧੂ ਪਾਕਿਸਤਾਨ ਜਾਣਗੇ। ਜਿੱਥੇ ਸਵੇਰੇ 9:30 ਵਜੇ ਕੌਰੀਡੋਰ ਤੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣਗੇ।

ਇੱਥੇ ਦਰਸ਼ਨ ਕਰ, ਲੰਗਰ ਦੀ ਸੇਵਾ ਕਰਨ ਤੋਂ ਬਾਅਦ ਉਹ ਪਾਕਿਸਤਾਨ ‘ਚ ਇਮਰਾਨ ਖ਼ਾਨ ਦੇ ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣਗੇ। ਇਮਰਾਨ ਦਾ ਉਦਘਾਟਨੀ ਸਮਾਗਮ ਦੁਪਹਿਰ ਤਿੰਨ ਵਜੇ ਖ਼ਤਮ ਹੋਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਸਿੱਧੂ ਕੌਰੀਡੋਰ ਰਾਹੀਂ ਭਾਰਤ ਵਾਪਸੀ ਕਰਨਗੇ। ਸਿੱਧੂ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਫੇਰ ਤੋਂ ਚਿੱਠੀ ਲਿਖੀ ਹੈ। ਇਸ ‘ਚ ਉਨ੍ਹਾਂ ਨੇ ਇਜਾਜ਼ਤ ਦੀ ਮੰਗ ਦੁਹਰਾਈ ਹੈ ਤੇ ਕਿਹਾ ਹੈ ਕਿ ਉਨ੍ਹਾਂ ਕੋਲ ਪਾਕਿ ਦਾ ਵੀਜ਼ਾ ਨਹੀਂ।

ਦੱਸ ਦਈਏ ਕਿ ਸਿੱਧੂ ਕੌਰੀਡੋਰ ਰਾਹੀਂ ਪਾਸਿਕਤਾਨ ਜਾਣਾ ਚਾਹੁੰਦੇ ਹਨ ਪਰ ਜੇਕਰ ਅਜਿਹੇ ਨਹੀਂ ਹੁੰਦਾ ਤਾਂ ਉਹ 8 ਨਵੰਬਰ ਨੂੰ ਅਟਾਰੀ ਰਾਹੀਂ ਲਾਹੌਰ ਜਾਣਗੇ ਤੇ ਅਗਲੇ ਦਿਨ ਕਰਤਾਰਪੁਰ ਮੱਥਾ ਟੇਕ 9 ਨਵੰਬਰ ਨੂੰ ਵਾਪਸ ਆਉਣਗੇ। ਸਿੱਧੂ ਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਕਈ ਅੜਿੰਗਾ ਪਾਵੇਗੀ, ਇਸ ਲਈ ਉਨ੍ਹਾਂ ਨੇ ਕਰਤਾਰਪੁਰ ਜਾਣ ਦੇ ਦੋ ਤਰੀਕੇ ਵਿਦੇਸ਼ ਮੰਤਰਾਲੇ ਅੱਗੇ ਰੱਖੇ ਹਨ।