ਜਲੰਧਰ: ਲੋਕ ਸਭਾ ਹਲਕੇ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ ਚਾਹੇ 856 ਵੋਟਾਂ ਹੀ ਮਿਲੀਆਂ ਸੀ ਪਰ ਹਾਰਨ ਦੇ ਬਾਵਜੂਦ ਉਹ ਸੁਰਖੀਆਂ ਬਣਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਹਰਸਿਮਰਤ ਬਾਦਲ ਤੇ ਭਗਵੰਤ ਮਾਨ ਨਾਲੋਂ ਵੀ ਵੱਧ ਚਰਚਾ ਨੀਟੂ ਸ਼ਟਰਾਂ ਵਾਲੇ ਦੀ ਹੋ ਰਹੀ ਹੈ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਉਸ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਦਰਅਸਲ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਵਿੱਚ ਜਦੋਂ ਨੀਟੂ ਨੂੰ ਸਿਰਫ ਪੰਜ ਵੋਟ ਮਿਲੇ ਤਾਂ ਉਹ ਧਾਹਾਂ ਮਾਰ ਕੇ ਰੋਣ ਲੱਗ ਪਿਆ। ਉਸ ਨੂੰ ਗਿਲਾ ਸੀ ਇਸ ਮੁਤਾਬਕ ਤਾਂ ਉਸ ਦੇ ਘਰਦਿਆਂ ਨੇ ਵੀ ਵੋਟ ਨਹੀਂ ਪਾਈ। ਇਹ ਵੀਡੀਓ ਵਾਇਰਲ ਹੋਣ ਨਾਲ ਉਹ ਚਰਚਾ ਵਿੱਚ ਆ ਗਿਆ। ਬਾਅਦ ਵਿੱਚ ਆਏ ਨਤੀਜੇ ਮੁਤਾਬਕ ਉਸ ਨੂੰ 856 ਵੋਟਾਂ ਹੀ ਮਿਲੀਆਂ ਸੀ।
ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸਟਾਰ ਬਣੇ ਨੀਟੂ ਸ਼ਟਰਾਂ ਵਾਲੇ ’ਤੇ ਹੁਣ ਪੰਜਾਬੀ ਗਾਇਕਾਂ ਨੇ ਵੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਗਾਇਕ ਕੁਲਵਿੰਦਰ ਬਰਾੜ ਤੇ ਪਾਲੀ ਸਿੱਧੂ ਵੱਲੋਂ ਗਾਇਆ ਗੀਤ ‘ਵੇ ਤੂੰ ਨੀਟੂ ਸ਼ਟਰਾਂ ਵਾਲੇ ਵਾਂਗੂੰ ਹਉਕੇ ਲੈ-ਲੈ ਰੋਵੇਂਗਾ’ ਸੋਸ਼ਲ ਮੀਡੀਆ ’ਤੇ ਹਿੱਟ ਹੋ ਰਿਹਾ ਹੈ। ਇਸ ਗੀਤ ਦਾ ਟਾਈਟਲ ‘ਨੀਟੂ ਸ਼ਟਰਾਂ ਵਾਲਾ ਵਰਸਿਜ਼ ਮੋਦੀ’ ਰੱਖਿਆ ਗਿਆ ਹੈ। ਇਸ ਦਾ ਸੰਗੀਤ ਐਮ ਵੀਰ ਨੇ ਤਿਆਰ ਕੀਤਾ ਹੈ।
ਇਸ ਤੋਂ ਇਲਾਵਾ ਉਸ ਨੂੰ ਗਾਇਕ ਮਾਸਟਰ ਸਲੀਮ, ਗਿੱਪੀ ਗਰੇਵਾਲ, ਪਰਮੀਸ਼ ਵਰਮਾ ਤੇ ਹੋਰ ਕਈ ਕਲਾਕਾਰਾਂ ਦੇ ਫੋਨ ਆ ਚੁੱਕੇ ਹਨ। ਦ ਗ੍ਰੇਟ ਖਲੀ ਦਲੀਪ ਸਿੰਘ ਨਾਲ ਤਾਂ ਉਸ ਦੀ ਮੁਲਾਕਾਤ ਵੀ ਹੋ ਚੁੱਕੀ ਹੈ। ਖਲੀ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿਚ ਜੇ ਉਹ ਚੋਣ ਲੜਿਆ ਤਾਂ ਉਸ ਦਾ ਚੋਣ ਪ੍ਰਚਾਰ ਉਹ ਆਪ ਕਰਨਗੇ।
ਨੀਟੂ ਸ਼ਟਰਾਂ ਵਾਲਾ ਦਾ ਕਹਿਣਾ ਹੈ ਕਿ ਉਸ ਦੀ ਸਭ ਤੋਂ ਵੱਧ ਚਰਚਾ ਟਿਕ ਟੌਕ, ਵ੍ਹਟਸਐਪ, ਯੂ-ਟਿਊਬ ਤੇ ਫੇਸਬੁੱਕ ਰਾਹੀਂ ਤੇਜ਼ੀ ਨਾਲ ਹੋਈ ਹੈ। ਉਸ ਨੂੰ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਸਾਊਦੀ ਅਰਬ, ਦੁਬਈ ਤੇ ਯੂਰਪ ਦੇ ਕਈ ਦੇਸ਼ਾਂ ’ਚੋਂ ਆਰਥਿਕ ਮਦਦ ਦੇਣ ਦੇ ਫੋਨ ਆ ਚੁੱਕੇ ਹਨ ਤੇ ਉਨ੍ਹਾਂ ਨੂੰ ਵੀਜ਼ਾ ਭੇਜਣ ਦੀਆਂ ਪੇਸ਼ਕਸ਼ਾਂ ਵੀ ਆ ਚੁੱਕੀਆਂ ਹਨ।
ਚੋਣਾਂ ਦੌਰਾਨ ਡੇਢ ਮਹੀਨਾ ਦੁਕਾਨ ਬੰਦ ਰਹਿਣ ਕਾਰਨ ਤੇ ਸਿਰ ’ਤੇ ਕਰਜ਼ਾ ਚੜ੍ਹ ਜਾਣ ਕਾਰਨ ਪ੍ਰੇਸ਼ਾਨ ਨੀਟੂ ਸ਼ਟਰਾਂ ਵਾਲੇ ਨੂੰ ਹੁਣ ਲੋਕ ਆਰਥਿਕ ਸਹਾਇਤਾ ਵੀ ਭੇਜ ਰਹੇ ਹਨ। ਨੀਟੂ ਨੇ ਕਿਹਾ ਕਿ ਹੁਣ ਉਸ ਦੀ ਸ਼ਟਰਾਂ ਵਾਲੀ ਦੁਕਾਨ ਬੰਦ ਰਹਿੰਦੀ ਹੈ ਕਿਉਂਕਿ ਉਸ ਨੂੰ ਥਾਂ-ਥਾਂ ਲੋਕਾਂ ਦੇ ਬੁਲਾਵੇ ’ਤੇ ਜਾਣਾ ਪੈਂਦਾ ਹੈ। ਇੱਕ ਟੈਂਟ ਹਾਊਸ ਵਾਲੇ ਨੇ ਉਸ ਨੂੰ ਆਪਣੀ ਗੱਡੀ ਦਿੱਤੀ ਹੋਈ ਹੈ, ਜਦੋਂ ਤਕ ਉਸ ਦੀ ਆਪਣੀ ਗੱਡੀ ਦਾ ਪ੍ਰਬੰਧ ਨਹੀਂ ਹੋ ਜਾਂਦਾ।
ਉਧਰ, ਲੁਧਿਆਣਾ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਦੇ ਮਾਲਕ ਨੇ ਉਸ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਨੀਟੂ ਸ਼ਟਰਾਂ ਵਾਲੇ ਦੇ ਸਾਰੇ ਕੱਪੜੇ ਤੇ ਕੁੜਤੇ ਪਜਾਮੇ ਉਹ ਬਣਾ ਕੇ ਦੇਣਗੇ।
ਹਾਰਨ ਦੇ ਬਾਵਜੂਦ ਛਾ ਗਏ ਨੀਟੂ ਸ਼ਟਰਾਂ ਵਾਲੇ, ਰਾਤੋ-ਰਾਤ ਹੋ ਗਏ ਮਕਬੂਲ
ਏਬੀਪੀ ਸਾਂਝਾ
Updated at:
30 May 2019 12:04 PM (IST)
ਲੋਕ ਸਭਾ ਹਲਕੇ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ ਚਾਹੇ 856 ਵੋਟਾਂ ਹੀ ਮਿਲੀਆਂ ਸੀ ਪਰ ਹਾਰਨ ਦੇ ਬਾਵਜੂਦ ਉਹ ਸੁਰਖੀਆਂ ਬਣਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਹਰਸਿਮਰਤ ਬਾਦਲ ਤੇ ਭਗਵੰਤ ਮਾਨ ਨਾਲੋਂ ਵੀ ਵੱਧ ਚਰਚਾ ਨੀਟੂ ਸ਼ਟਰਾਂ ਵਾਲੇ ਦੀ ਹੋ ਰਹੀ ਹੈ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਉਸ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
- - - - - - - - - Advertisement - - - - - - - - -