Jalandhar By-election Results 2023: ਜਲੰਧਰ ਲੋਕ ਸਭਾ ਸੀਟ ਲਈ ਬੀਤੀ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ ਅੱਗੇ ਨਜ਼ਰ ਆ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ ਮੁੜ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਹੈ।
ਦਰਅਸਲ 'ਚ ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨਤੀਜੇ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਦੌਰਾਨ ਆਪਣੀ ਹਾਰ ਦੇਖ ਕੇ ਨੀਟੂ ਸ਼ਟਰਾਂ ਵਾਲਾ ਰੋਣ ਲੱਗ ਪਿਆ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕ ਬਦਲਾਅ ਨਹੀਂ ਚਾਹੁੰਦੇ। ਨੀਟੂ ਸ਼ਟਰਾਂ ਵਾਲਾ ਆਪਣੀ ਜਿੱਤ ਦੀ ਸੰਭਾਵਨਾ ਨਾਲ ਲੱਡੂ ਲੈ ਕੇ ਆਇਆ ਸੀ ਪਰ ਵੋਟਾਂ ਦੀ ਗਿਣਤੀ ਮਗਰੋਂ ਉਸ ਦੇ ਹੱਥ ਭਾਰੀ ਨਿਰਾਸ਼ਾ ਲੱਗੀ ਹੈ।
ਹਾਲਾਂਕਿ 10 ਵਜੇ ਤੱਕ ਵੋਟਾਂ ਦੀ ਗਿਣਤੀ ਦੌਰਾਨ ਨੀਟੂ ਸ਼ਟਰਾਂ ਵਾਲੇ ਨੂੰ 1497 ਵੋਟਾਂ ਹਾਸਲ ਹੋਈਆਂ ਹਨ। ਪਹਿਲਾਂ ਦੇ ਮੁਕਾਬਲੇ ਨੀਟੂ ਸ਼ਟਰਾਂ ਵਾਲੇ ਦੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ ਪਰ ਉਸ ਦਾ ਰੋਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਹਾਰ ਕਾਰਨ ਉਹ ਕਾਫੀ ਨਮੋਸ਼ੀ ਵਿੱਚ ਚਲਾ ਗਿਆ ਸੀ।
ਇਸ ਤੋਂ ਬਾਅਦ ਉਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ। ਇਸ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਦਾ ਬਿਆਨ ਸਾਹਮਣੇ ਆਇਆ ਸੀ ਕਿ ਜੇਕਰ ਉਹ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਜਾਂਦਾ ਹੈ ਤਾਂ ਉਹ ਜਲੰਧਰ ਨੂੰ ਸੋਨੇ ਦੀ ਚਿੜੀ ਬਣਾ ਦੇਵੇਗਾ।
ਇਹ ਵੀ ਪੜ੍ਹੋ : ਕੌਣ ਬਣੇਗਾ ਜਲੰਧਰ ਦਾ ਸਿਕੰਦਰ? ਅੱਜ ਆਵੇਗਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ
ਦੱਸ ਦਈਏ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ। ਹੁਣ ਤੱਕ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ ਕਰੀਬ 44 ਹਜ਼ਾਰ ਵੋਟਾਂ ਨਾਲ ਅੱਗੇ ਹਨ।
ਇੰਨੀ ਵੱਡੀ ਲੀਡ ਨੂੰ ਤੋੜਨਾ ਸੌਖਾ ਨਹੀਂ ਹੋਏਗਾ। ਇਸ ਸੀਟ 'ਤੇ 'ਆਪ' ਤੇ ਕਾਂਗਰਸ ਵਿਚਾਲੇ ਹੀ ਟੱਕਰ ਹੈ। 'ਆਪ' ਦੀ ਲੀਡ ਸ਼ੁਰੂ ਤੋਂ ਹੀ ਬਰਕਰਾਰ ਹੈ। ਉਧਰ, ‘ਆਪ’ ਵਰਕਰਾਂ ਨੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਗਿਣਤੀ ਕੇਂਦਰ ਦੇ ਬਾਹਰ 'ਆਪ' ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।