ਚੰਡੀਗੜ੍ਹ: ਪੰਜਾਬ ਕੈਬਨਿਟ ਵਿੱਚ ਮੰਤਰੀ ਬਣਨ ਜਾ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਿਸ਼ਾਨਾ ਖੇਡ ਮੰਤਰੀ ਦੀ ਕੁਰਸੀ 'ਤੇ ਹੈ। ਮੰਤਰੀਆਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਸੋਢੀ ਨੇ ਕਿਹਾ ਕਿ ਮੈਂ ਖ਼ੁਦ ਸ਼ੂਟਿੰਗ ਦਾ ਖਿਡਾਰੀ ਹਾਂ ਤੇ ਖੇਡਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ।

 

ਉਨ੍ਹਾਂ ਕਿਹਾ ਕਿ ਜੇ ਮੈਂ ਖੇਡ ਮੰਤਰੀ ਬਣਿਆ ਤਾਂ ਪੰਜਾਬ ਦੇ ਪਿੰਡਾਂ ਵਿੱਚ ਸਟੇਡੀਅਮ ਬਣਾਉਣ ਨੂੰ ਤਰਜੀਹ ਦੇਵਾਂਗਾ। ਖ਼ੁਦ ਨੂੰ ਮੰਤਰੀ ਦੀ ਕੁਰਸੀ ਮਿਲਣ ਬਾਰੇ ਸੋਢੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਹਾਈਕਮਾਨ ਦੀ ਮਰਜ਼ੀ ਨਾਲ ਫੈਸਲਾ ਹੋਇਆ ਤੇ ਉਹ ਇਸ 'ਤੇ ਖੁਸ਼ ਹਨ।

ਪਾਰਟੀ ਦੇ ਅੰਦਰਲੇ ਵਿਰੋਧੀਆਂ ਬਾਰੇ ਰਾਣਾ ਸੋਢੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕੋਈ ਮੇਰੇ ਮੰਤਰੀ ਬਣਨ ਦਾ ਵਿਰੋਧ ਕੌਣ ਕਰ ਰਿਹਾ ਸੀ, ਮੈਂ ਕਦੇ ਕਿਸੇ ਦਾ ਵਿਰੋਧ ਨਹੀਂ ਕਰਦਾ। ਚੋਣਾਂ ਦੌਰਾਨ ਸਾਥੀ ਨੂੰ ਹਰਾਉਣ ਬਾਰੇ ਲੱਗੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਮੈਂ ਕਦੇ ਅਕਾਲੀਆਂ ਨਾਲ ਮਿਲ ਕੇ ਕਿਸੇ ਨੂੰ ਕੋਈ ਚੋਣ ਨਹੀਂ ਹਰਵਾਈ, ਇਲਜ਼ਾਮ ਕੋਈ ਵੀ ਲਗਾ ਸਕਦਾ ਹੈ।