ਚੰਡੀਗੜ੍ਹ: ਸਿੱਖ ਸ਼ਰਧਾਲੂਆਂ ਦੇ ਜੱਥੇ ਵਿਸਾਖੀ ਮਨਾਉਣ ਦੇ ਓਹਲੇ ਪਾਕਿਸਤਾਨ ਜਾ ਕੇ ਇਸਲਾਮ ਕਬੂਲ ਕਰ ਨਿਕਾਹ ਕਰਵਾਉਣ ਵਾਲੀ ਹੁਸ਼ਿਆਰਪੁਰ ਦੀ ਕਿਰਨ ਬਾਲਾ ਜੱਥੇ ਨਾਲ ਵਾਪਿਸ ਨਹੀਂ ਪਰਤੀ ਹੈ। ਕਿਰਨ ਨੇ ਉੱਥੇ ਕਿਹਾ ਕਿ ਉਸ ਨੇ ਜੋ ਕੁੱਝ ਵੀ ਕੀਤਾ ਹੈ ਉਹ ਮੁਹੱਬਤ ਲਈ ਕੀਤਾ ਹੈ। ਜਿੱਥੇ ਕਿਰਨ ਦਾ ਪੂਰਾ ਕਾਰਨਾਮਾ ਫ਼ਿਲਮੀ ਜਾਪ ਰਿਹਾ ਹੈ, ਉੱਥੇ ਹੀ ਉਸ ਨੇ ਅੱਜ ਜੋ ਕਾਰਨਾਮਾ ਲਾਹੌਰ ਦੀ ਅਦਾਲਤ ਵਿੱਚ ਕੀਤਾ, ਉਸ ਨਾਲ 'ਗ਼ਦਰ' ਫ਼ਿਲਮ ਦੀ ਯਾਦ ਆ ਸਕਦੀ ਹੈ। ਇੰਨਾ ਹੀ ਨਹੀਂ ਉਸ ਨੇ ਆਪਣੇ ਬੱਚਿਆਂ ਨੂੰ ਆਪਣੇ ਮੰਨਣ ਤੋਂ ਇਨਕਾਰ ਕਰ ਦਿੱਤਾ।
ਕਿਰਨ ਉਰਫ਼ ਆਮਨਾ ਬੀਬੀ ਨੇ ਲਾਹੌਰ ਕੋਰਟ ਦੇ ਬਾਹਰ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਤੇ ਕਿਹਾ ਕਿ ਪਾਕਿਸਤਾਨ ਆਉਣ ਲਈ ਜੱਥੇ ਦਾ ਸਹਾਰਾ ਇਸ ਲਈ ਕਿਹਾ ਕਿਉਂਕਿ ਮੁਹੱਬਤ ਦਾ ਮਸਲਾ ਸੀ। ਉਸ ਨੇ ਕਿਹਾ ਕਿ ਉੱਧਰੋਂ (ਭਾਰਤ) ਇੰਨੀ ਆਸਾਨੀ ਨਾਲ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ। ਉਸ ਨੂੰ ਇਹ ਵੀ ਇਲਮ ਸੀ ਕਿ ਜੇਕਰ ਪਾਸਪੋਰਟ 'ਤੇ ਪਾਕਿਸਤਾਨ ਦੀ ਮੋਹਰ ਲੱਗ ਜਾਵੇ ਤਾਂ ਹੋਰ ਕਿਤੇ ਜਾ ਨਹੀਂ ਸਕਦੇ, ਫਿਰ ਵੀ ਉਹ ਆਪਣਾ ਦੇਸ਼ ਛੱਡ ਪਾਕਿਸਤਾਨ ਚਲੀ ਗਈ। ਕਿਰਨ ਨੇ ਕਿਹਾ ਕਿ ਉਹ ਵਾਪਿਸ ਹਿੰਦੋਸਤਾਨ ਨਹੀਂ ਜਾਣਾ ਚਾਹੁੰਦੀ।
ਕਿਰਨ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਤਿੰਨੋ ਬੱਚੇ ਇਸ ਦੇ ਨਹੀਂ ਹਨ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਸਿਰਫ ਵੀਜ਼ਾ ਲੈਣ ਲਈ ਬੱਚਿਆਂ ਨੂੰ ਆਪਣਾ ਦੱਸਿਆ ਸੀ। ਬੱਚਿਆਂ ਦੇ ਸਰਟੀਫਿਕੇਟ ਬਾਰੇ ਉਸ ਨੇ ਕਿਹਾ ਕਿ ਇੰਡੀਆ ਵਿੱਚ ਸਰਟੀਫਿਕੇਟ ਨਕਲੀ ਵੀ ਬਣ ਜਾਂਦੇ ਹਨ।