ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਲਈ ਨਿੱਤ ਨਵਾਂ ਸੰਕਟ ਖੜ੍ਹਾ ਹੋ ਰਿਹਾ ਹੈ। ਬੇਅਦਬੀ ਤੇ ਗੋਲੀ ਕਾਂਡ ਵਿੱਚ ਅਕਾਲੀ ਲੀਡਰਾਂ ਦਾ ਨਾਂ ਗੂੰਜਣ ਨਾਲ ਲੋਕਾਂ ਵਿੱਚ ਪੰਥਕ ਪਾਰਟੀ ਖਿਲਾਫ ਕਾਫੀ ਰੋਹ ਹੈ। ਇਸ ਤੋਂ ਇਲਾਵਾ ਟਕਸਾਲੀ ਲੀਡਰਾਂ ਵੱਲੋਂ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕਣ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਖਿਲਾਰਾ ਪਿਆ ਹੋਇਆ।
ਹੁਣ ਚਰਚਾ ਹੈ ਕਿ ਪਾਰਟੀ ਅੰਦਰ ਦਲਿਤ ਲੀਡਰ ਤੇ ਵਰਕਰ ਵੀ ਆਪਣਾ ਦਮ ਘੁੱਟਿਆ ਮਹਿਸੂਸ ਕਰ ਰਹੇ ਹਨ। ਮੰਗਲਵਾਰ ਨੂੰ ਜੈਤੋ ਵਿੱਚ ਦਲਿਤਾਂ ਨਾਲ ਵਿਤਕਰੇ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਵੀ ਕਸੂਤੇ ਘਿਰਦੇ ਨਜ਼ਰ ਆਏ। ਇਹ ਮੁੱਦਾ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਏਜੰਡੇ ਤਹਿਤ ਪਿੰਡ ਗੁਰੂ ਕੀ ਢਾਬ ਦੇ ਗੁਰੂ ਘਰ ਵਿੱਚ ਜੈਤੋ ਹਲਕੇ ਦੇ ਐਸਸੀ ਵਿੰਗ ਦੇ ਵਰਕਰਾਂ ਦੀ ਮੀਟਿੰਗ ’ਚ ਉੱਠਿਆ।
ਪਾਰਟੀ ਦੀ ਸੀਨੀਅਰ ਲੀਡਰ ਅਮਰਜੀਤ ਕੌਰ ਪੰਜਗਰਾਈਂ ਤੇ ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਨਾਜ਼ਰ ਸਿੰਘ ਸਰਾਵਾਂ ਨੇ ਇਸ ਮੁੱਦੇ ਨੂੰ ਲੈ ਕੇ ਆਪਣੀ ਹੀ ਪਾਰਟੀ ਨੂੰ ਖੂਬ ਰਗੜੇ ਲਾਏ। ਇਸ ਬਾਰੇ ਲੰਘੀਆਂ ਪੰਚਾਇਤੀ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਹਵਾਲਾ ਦੇ ਕੇ ਰੋਸ ਜਤਾਇਆ ਕਿ ਹਰ ਔਖੇ ਵਕਤ ਦਲਿਤਾਂ ਤੋਂ ਮਦਦ ਲੈਣ ਵਾਲੇ ਜਨਰਲ ਵਰਗ ਦੇ ਅਕਾਲੀ ਕਾਰਕੁਨ ਦਲਿਤ ਉਮੀਦਵਾਰਾਂ ਨੂੰ ਚੋਣਾਂ ਵਿੱਚ ਹਰਾਉਣ ਲਈ ਪੂਰਾ ਟਿੱਲ ਲਾਉਂਦੇ ਹਨ।
ਉਨ੍ਹਾਂ ਪਾਰਟੀ ਦੀ ਸਰਕਾਰ ਵੇਲੇ ਚੇਅਰਮੈਨੀਆਂ ਤੇ ਪ੍ਰਧਾਨਗੀਆਂ ਦੀ ਵੰਡ ਮੌਕੇ ਅਕਾਲੀ ਕਾਕਾਸ਼ਾਹੀ ਵੱਲੋਂ ਦਲਿਤਾਂ ਨਾਲ ਕੀਤੀ ਜਾਂਦੀ ਕਾਣੀ ਵੰਡ ਦੇ ਮੁੱਦੇ ਵੀ ਉਜਾਗਰ ਕੀਤੇ। ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਇਨ੍ਹਾਂ ਮੁੱਦਿਆਂ ਬਾਰੇ ਮੰਚ ਤੋਂ ਜਨਤਕ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੀ ਕਾਰਜਸ਼ੈਲੀ ਦੀ ਤਾਰੀਫ਼ ਕੀਤੀ ਤੇ ਕਾਂਗਰਸ ਸਰਕਾਰ ਦੇ ਕੰਮਾਂ ਨੂੰ ਭੰਡਿਆ। ਬਾਅਦ ਵਿੱਚ ਜਥੇਦਾਰ ਰਣੀਕੇ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕੋਲ ਇਹ ਮੁੱਦਾ ਉਠਾਉਣਗੇ।