ਚੰਡੀਗੜ੍ਹ: ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਮਣੇ ਹੁਣ ਵੱਡੀ ਚੁਣੌਤੀ ਹੈ। ਆਮ ਬੰਦੇ ਵਜੋਂ ਵੇਖੇ ਜਾ ਰਹੇ ਮੁੱਖ ਮੰਤਰੀ ਚੰਨੀ ਕੋਲੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਕੋਲ ਸਮਾਂ ਬੇਹੱਦ ਥੋੜ੍ਹਾ ਹੈ। ਇਸ ਲਈ ਹਰ ਕਿਸੇ ਦਾ ਸਵਾਲ ਇਹੀ ਹੈ ਕਿ ਕੀ ਚੰਨੀ ਲੋਕਾਂ ਦੀਆਂ ਉਮੀਦਾਂ ਉੱਪਰ ਖਰੇ ਉੱਤਰਨਗੇ।
ਦੱਸ ਦਈਏ ਕਿ ਚੰਨੀ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਲਈ 18 ਨੁਕਾਤੀ ਏਜੰਡਾ, ਚੋਣ ਵਾਅਦਿਆਂ ਦੀ ਪੂਰਤੀ ਨੂੰ ਸਿਰਫ਼ 90 ਦਿਨਾਂ ਵਿੱਚ ਪੂਰਾ ਕਰਨਾ ਵੱਡੀ ਚੁਣੌਤੀ ਹੋਵੇਗੀ। ਸਰਕਾਰ ਨੂੰ ਹੁਣ ਮੁੱਦਿਆਂ ਨੂੰ ਹਕੀਕਤ ਬਣਾਉਣ ਲਈ ਦਲੇਰਾਨਾ ਤੇ ਫੁਰਤੀ ਵਾਲੇ ਫੈਸਲੇ ਲੈਣੇ ਪੈਣਗੇ। ਨਵੀਂ ਕੈਬਨਿਟ ਲਈ ਇਹ ਵੀ ਚੁਣੌਤੀ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਚ ਜੋ ਵਕਤ ਅਜਾਈਂ ਚਲਾ ਗਿਆ ਹੈ, ਉਸ ਦੀ ਭਰਪਾਈ ਵੀ ਕਰਨੀ ਹੋਵੇਗੀ।
ਇਸ ਬਾਰੇ ਨਵੇਂ ਮੰਤਰੀ ਪਰਗਟ ਸਿੰਘ ਦਾ ਕਹਿਣਾ ਹੈ ਕਿ ਕੇਵਲ ਇਹ ਅਹੁਦਾ ਨਹੀਂ ਬਲਕਿ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ। ਆਉਂਦੇ ਤਿੰਨ ਮਹੀਨਿਆਂ ਵਿੱਚ ਕਾਰਗੁਜ਼ਾਰੀ ਦਿਖਾਈ ਜਾਵੇਗੀ ਤੇ ਨਵੀਂ ਕੈਬਨਿਟ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਨਾਲ ਕੰਮ ਕੀਤਾ ਜਾਵੇ ਤਾਂ ਸਭ ਕੁਝ ਹੋ ਸਕਦਾ ਹੈ।
ਦੱਸ ਦਈਏ ਕਿ ਹਾਈਕਮਾਨ ਨੇ ਅਨੁਸੂਚਿਤ ਜਾਤੀ ਵਰਗ ਦੇ ਚੰਨੀ ਨੂੰ ਪੰਜਾਬ ਦੀ ਕਮਾਨ ਸੌਂਪ ਕੇ ਵਿਰੋਧੀਆਂ ਨੂੰ ਸਿਆਸੀ ਫਰੰਟ ’ਤੇ ਤਾਂ ਠੁੱਸ ਕਰਨ ਦਾ ਯਤਨ ਕੀਤਾ ਹੈ ਪਰ ਪੰਜਾਬ ਦੇ ਲੋਕ ਅਗਲੀਆਂ ਚੋਣਾਂ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਨਵੀਂ ਵਜ਼ਾਰਤ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨਗੇ। ਨਵੀਂ ਕੈਬਨਿਟ ’ਚ ਐਤਕੀਂ ਪੱਛੜੀਆਂ ਜਾਤੀਆਂ ਦੇ ਨੁਮਾਇੰਦੇ ਵਜੋਂ ਸੰਗਤ ਸਿੰਘ ਗਿਲਜੀਆਂ ਨੂੰ ਥਾਂ ਦਿੱਤੀ ਗਈ ਹੈ।
ਮਾਲਵਾ ਖ਼ਿੱਤੇ ਚੋਂ 9 ਵਜ਼ੀਰ ਬਣੇ ਹਨ ਜਦੋਂਕਿ ਮਾਝੇ ਵਿੱਚੋਂ ਛੇ ਤੇ ਦੋਆਬੇ ਵਿੱਚੋਂ ਤਿੰਨ ਵਜ਼ੀਰ ਬਣੇ ਹਨ। ਨਵੇਂ ਮੰਤਰੀ ਮੰਡਲ ਵਿੱਚ ਚਾਰ ਹਿੰਦੂ ਚਿਹਰੇ ਤੇ ਮੁੱਖ ਮੰਤਰੀ ਸਮੇਤ ਤਿੰਨ ਅਨੁਸੂਚਿਤ ਜਾਤੀ ਭਾਈਚਾਰੇ ਵਿੱਚੋਂ ਮੰਤਰੀ ਬਣਾਏ ਗਏ ਹਨ।
ਇਸ ਬਾਰੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕਿਹਾ ਕਿ ਸ਼ਾਨਦਾਰ ਸ਼ੁਰੂਆਤ ਹੋਈ ਹੈ ਤੇ ਨਵੀਂ ਕੈਬਨਿਟ ਵਿੱਚ ਸਮਾਜਿਕ ਸੰਤੁਲਨ ਕਾਇਮ ਰੱਖਿਆ ਗਿਆ ਹੈ। ਹਰ ਵਰਗ ਤੇ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਰਾਵਤ ਨੇ ਛਾਂਟੀ ਕੀਤੇ ਵਜ਼ੀਰਾਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੇ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ ਤੇ ਜੋ ਕੈਬਨਿਟ ਵਿਚ ਥਾਂ ਨਹੀਂ ਪਾ ਸਕੇ, ਉਨ੍ਹਾਂ ਦੀਆਂ ਹੋਰਨਾਂ ਖੇਤਰਾਂ ‘ਚ ਸੇਵਾਵਾਂ ਲਈਆਂ ਜਾਣਗੀਆਂ।
ਇਹ ਵੀ ਪੜ੍ਹੋ: ਕੇਂਦਰ ਤੇ ਰਾਜਾਂ ਨੇ ਲਿਆ ਅਗਲੇ ਇੱਕ ਸਾਲ ’ਚ ਨਕਸਲਵਾਦ ਦੇ ਮੁਕੰਮਲ ਖ਼ਾਤਮੇ ਦਾ ਸੰਕਲਪ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin