ਜਲੰਧਰ: ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜਕਲ੍ਹ ਫਿਰ ਵਿਵਾਦਾਂ ਵਿੱਚ ਘਿਰੇ ਹੋਏ ਹਨ। ਦਰਅਸਲ ਉਨ੍ਹਾਂ ਹਨੂਮਾਨ ਚਾਲਿਸਾ ਨੂੰ ਤੋੜ-ਮਰੋੜ ਕੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਸ਼ੇਅਰ ਕੀਤੀ ਸੀ। ਹੁਣ ਇਹ ਮਾਮਲਾ ਕਾਫੀ ਵਿਵਾਦਾਂ ਵਿੱਚ ਆ ਗਿਆ ਹੈ ਤਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਲੀਡਰਾਂ ਨੂੰ ਆਪਣੀ ਜ਼ੁਬਾਨ ਕਾਬੂ ਵਿੱਚ ਰੱਖਣ ਦੀ ਨਸੀਹਤ ਦਿੱਤੀ ਹੈ।
ਮੀਡੀਆ ਨਾਲ ਗੱਲ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨਾਲ ਜਾਖੜ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੋਈ ਹੱਕ ਨਹੀਂ। ਇਸ ਲਈ ਲੀਡਰ ਜ਼ੁਬਾਨ ਸੰਭਾਲ ਕੇ ਗੱਲ ਕਰਨ। ਦੱਸਿਆ ਜਾਂਦਾ ਹੈ ਕਿ ਜਾਖੜ ਨੇ ਹਾਲੇ ਵੜਿੰਗ ਦਾ ਟਵੀਟ ਦੇਖਿਆ ਵੀ ਨਹੀਂ ਪਰ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਦਰਅਸਲ ਰਾਜਾ ਵੜਿੰਗ ਇਸ ਤੋਂ ਪਹਿਲਾਂ ਵੀ ਵਿਵਾਦ ਦਾ ਵਿਸ਼ਾ ਬਣ ਚੁੱਕੇ ਹਨ। ਦੋ ਦਿਨ ਪਹਿਲਾਂ ਇੱਕ ਪਿੰਡ ਵਿੱਚ ਪੰਚਾਇਤੀ ਚੋਣਾਂ ਵਿੱਚ ਦੋ ਗੁੱਟਾਂ ਵਿਚਾਲੇ ਸਹਿਮਤੀ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਰਕਾਰ ਕੋਲ ਨਾਮਜ਼ਦਗੀ ਕਾਗਜ਼ਾਂ ਨੂੰ ਇੱਧਰ-ਉੱਧਰ ਕਰਨ ਦੇ ਕਈ ਤਰੀਕੇ ਹੁੰਦੇ ਹਨ। ਇਸ ਤੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਰੈਲੀ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਕਿਸੇ ਨੇ ਕਾਂਗਰਸ ਨੂੰ ਵੋਟ ਨਾ ਪਾਈ ਤਾਂ ਪੰਜਾਬ ਆਉਣ ’ਤੇ ਉਨ੍ਹਾਂ ਪਿੱਛੇ ਕੁੱਤੇ ਛੱਡ ਦਿੱਤੇ ਜਾਣਗੇ।