ਚੰਡੀਗੜ੍ਹ: ਪੰਜਾਬੀਆਂ ਦੀ ਜੇਬ 'ਤੇ ਅਗਲੇ ਸਮੇਂ ਭਾਰ ਵਧ ਸਕਦਾ ਹੈ। ਕੋਰੋਨਾਵਾਇਰਸ ਕਰਕੇ ਸੂਬੇ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਲਈ ਕੈਪਟਨ ਸਰਕਾਰ ਨਵੇਂ ਟੈਕਸ ਲੈ ਸਕਦੀ ਹੈ। ਬੇਸ਼ੱਕ ਸਰਕਾਰ ਲਈ ਇਹ ਬਹੁਤ ਔਖਾ ਹੋਏਗਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਜਬੂਰੀ ਜਾਹਿਰ ਕਰਦਿਆਂ ਅਜਿਹੇ ਸੰਕੇਤ ਦਿੱਤੇ ਹਨ।


ਕੈਪਟਨ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਰਾਜ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਇਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕੁਝ ਸਖ਼ਤ ਫੈਸਲੇ ਲੈਣੇ ਪੈਣਗੇ। ਇਸ ਲਈ ਨਵੇਂ ਟੈਕਸ ਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਨੂੰ ਤਾਲਾਬੰਦੀ ਕਾਰਨ ਹਰ ਮਹੀਨੇ 3,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਪੂਰੇ ਸਾਲ ਦਾ ਇਹ ਨੁਕਸਾਨ 50,000 ਕਰੋੜ ਰੁਪਏ ਹੈ। ਜੀਐਸਟੀ, ਉਤਪਾਦ ਕਰ ਤੇ ਵੈਟ ਬਗੈਰ ਸਥਿਤੀ ਖ਼ਰਾਬ ਹੋਣ ਦੀ ਖਤਰਾ ਹੈ ਤੇ ਇਸ ਲਈ ਕੇਂਦਰ ਨੂੰ ਹੱਥ ਖੋਲ੍ਹਣਾ ਪਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 10 ਲੱਖ ਨੌਕਰੀਆਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਕਰੋਨਾ ਮਹਾਮਾਰੀ ਦਾ ਸਿਖਰ ਜੁਲਾਈ-ਅਗਸਤ ਹੋਵੇਗਾ ਤੇ ਰਾਜ ਇਸ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਦੇ ਮੱਦੇਨਜ਼ਰ ਇਸ ਸਾਲ ਸੂਬੇ ਨੂੰ ‘ਘੱਟੋ ਘੱਟ’ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਸਹਿਣਾ ਪਏਗਾ।

ਉਨ੍ਹਾਂ ਕਿਹਾ ਕਿ ਇਕੱਲੇ ਅਪਰੈਲ ਵਿਚ ‘ਲੌਕਡਾਊਨ’ ਕਾਰਨ ਸੂਬੇ ਨੂੰ 88 ਫ਼ੀਸਦ ਮਾਲੀਏ ਦਾ ਨੁਕਸਾਨ ਹੋਇਆ ਹੈ। ਕੈਪਟਨ ਨੇ ਕਿਹਾ ਕਿ ਵਿੱਤੀ ਸਥਿਤੀ ‘ਬੇਹੱਦ ਗੰਭੀਰ’ ਹੋਣ ਦੇ ਮੱਦੇਨਜ਼ਰ ਉਨ੍ਹਾਂ ਪਹਿਲਾਂ ਹੀ ਸਾਰੇ ਵਿਭਾਗਾਂ ਨੂੰ ‘ਗ਼ੈਰਜ਼ਰੂਰੀ’ ਖ਼ਰਚੇ ਘਟਾਉਣ ਲਈ ਕਹਿ ਦਿੱਤਾ ਹੈ।