ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਹੋਏ ਝਗੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਰਕੇ ਐਸਪੀ ਤੇ ਨਾਇਬ ਤਹਿਸੀਲਦਾਰ ਕਾਫੀ ਸੁਰਖੀਆਂ ਵਿੱਚ ਛਾਏ ਹੋਏ ਹਨ। ਦਰਅਸਲ ਪਿਛਲੇ ਮਹੀਨੇ ਤੋਂ ਇੱਕ ਹੋਟਲ ਸਬੰਧੀ ਦੋ ਭਾਈਵਾਲਾਂ ਵਿਚਾਲੇ ਕਾਫੀ ਵਿਵਾਦ ਚੱਲ ਰਿਹਾ ਸੀ। ਇਸੇ ਸਬੰਧੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਹੁਣ ਐਸਪੀ ਤੇ ਤਹਿਸੀਲਦਾਰ ਨੂੰ ਕੁਰਸੀ ਦਾ ਨਾਜਾਇਜ਼ ਫਾਇਦਾ ਚੁੱਕਣਾ ਮਹਿੰਗਾ ਪੈ ਰਿਹਾ ਹੈ।
ਦਰਅਸਲ ਹੋਟਲ ਦਾ ਇੱਕ ਭਾਈਵਾਲ ਵਿਵੇਕ ਕੌਸ਼ਲ ਰੋਹਬ ਝਾੜਨ ਲਈ ਅਕਸਰ ਆਪਣੇ ਦੋਸਤ ਐਸਪੀ ਨਰੇਸ਼ ਡੋਗਰਾ (ਕਮਾਂਡੈਂਟ ਪੁਲਿਸ ਟ੍ਰੇਨਿੰਗ ਸੈਂਟਰ ਫਲੌਰ) ਨੂੰ ਆਪਣੇ ਨਾਲ ਹੋਟਲ ਵਿੱਚ ਲੈ ਆਉਂਦਾ ਸੀ। ਹੋਟਲ ਦੇ ਮਾਲਕ ਵਿਸ਼ਵਨਾਥ ਮੁਤਾਬਕ 3 ਜਨਵਰੀ ਨੂੰ ਉਹ ਰੋਜ਼ਾਨਾ ਵਾਂਗ ਹੋਟਲ ਤੋਂ ਘਰ ਚਲੇ ਗਏ ਤਾਂ ਅਚਾਨਕ ਉਨ੍ਹਾਂ ਨੂੰ ਹੋਟਲ ਦੇ ਮੈਨੇਜਰ ਦਾ ਫੋਨ ਆਇਆ ਕਿ ਦੂਜਾ ਭਾਈਵਾਲ ਵਿਵੇਕ ਆਪਣੇ ਦੋਸਤ ਐਸਪੀ ਡੋਗਰਾ ਤੇ ਨਾਇਬ ਤਹਿਸੀਲਦਾਰ ਨਾਲ ਹੋਟਲ ’ਤੇ ਕਬਜ਼ਾ ਕਰਨ ਆਏ ਹਨ।
ਇਸ ਪਿੱਛੋਂ ਜਿਵੇਂ ਹੀ ਵਿਸ਼ਵਨਾਥ ਹੋਟਲ ਪੁੱਜਾ ਤਾਂ ਅਚਾਨਕ ਐਸਪੀ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਝਗੜਾ ਹੋਰ ਵਧ ਗਿਆ। ਉਨ੍ਹਾਂ ਐਸਪੀ ’ਤੇ ਇਲਜ਼ਾਮ ਲਾਇਆ ਕਿ ਕੁਰਸੀ ਦਾ ਫਾਇਦਾ ਚੁੱਕਦਿਆਂ ਐਸਪੀ ਨੇ ਉਨ੍ਹਾਂ ’ਤੇ ਮਾਮਲਾ ਦਰਜ ਕਰਵਾ ਦਿੱਤਾ। ਇਸ ਮਗਰੋਂ ਹੁਸ਼ਿਆਰਪੁਰ ਪੁਲਿਸ ਵੱਲੋਂ ਬਣਾਈ ਸਿੱਟ ਨੇ ਮੌਕੇ ’ਤੇ ਮਿਲੇ ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਉਨ੍ਹਾਂ ਖਿਲਾਫ ਦਰਜ ਮਾਮਲੇ ਦੀਆਂ ਕਈ ਧਾਰਾਵਾਂ ਹਟਾ ਦਿੱਤੀਆਂ। ਉਨ੍ਹਾਂ ਕਿਹਾ ਕਿ ਦੂਜੇ ਭਾਈਵਾਲ ਵਿਵੇਕ ਨਾਲ ਪੈਸਿਆਂ ਸਬੰਧੀ ਝਗੜਾ ਚੱਲ ਰਿਹਾ ਹੈ ਜਿਸ ਦਾ ਐਸਪੀ ਨਾਜਾਇਜ਼ ਫਾਇਦਾ ਚੁੱਕ ਰਿਹਾ ਸੀ।
ਇਸ ਸਬੰਧੀ ਹੁਸ਼ਿਆਰਪੁਰ ਪੁਲਿਸ ਨੇ ਹੋਟਲ ਵਿੱਚ ਝਗੜੇ ਬਾਅਦ ਆਪਣੀ ਸਿੱਟ ਦੀ ਜਾਂਚ ਵਿੱਚ ਪਾਇਆ ਕਿ ਝਗੜੇ ਦੌਰਾਨ ਪੁਲਿਸ ’ਤੇ ਕਿਸੇ ਹਥਿਆਰ ਨਾਲ ਹਮਲਾ ਨਹੀਂ ਕੀਤਾ ਗਿਆ। ਇਸ ਦੇ ਆਧਾਰ ’ਤੇ ਕਤਲ ਤੇ ਹੋਰ ਧਾਰਾਵਾਂ ਹਟਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਵੇਲੇ ਮੌਜੂਦ ਐਸਪੀ ਡੋਗਰਾ ਆਏ ਦਿਨ ਆਪਣੀ ਡਿਊਟੀ ਛੱਡ ਕੇ ਹੋਟਲ ਕਿਵੇਂ ਚਲੇ ਜਾਂਦੇ ਸੀ, ਇਸ ਬਾਰੇ ਵੀ ਜਾਂਚ ਕੀਤੀ ਜਾਏਗੀ।