ਅੰਮ੍ਰਿਤਸਰ: 36 ਸਾਲਾਂ ਬਾਅਦ ਡਾਕਟਰ ਕਤਲ ਕੇਸ ਵਿੱਚ ਤਰਨ ਤਾਰਨ ਪੁਲਿਸ ਨੇ ਪੱਟੀ ਦੀ ਅਦਾਲਤ ਵਿੱਚ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਨਵਾਂ ਚਲਾਨ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਆਉਂਦੀ 13 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਰੱਖੀ ਹੈ। ਤਰਨ ਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ 1983 ਦੌਰਾਨ ਡਾਕਟਰ ਕਤਲ ਮਾਮਲੇ ਵਿੱਚ ਮੁੜ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।
30 ਸਤੰਬਰ, 1983 ਨੂੰ ਪੱਟੀ ਦੇ ਡਾਕਟਰ ਸੁਦਰਸ਼ਨ ਤ੍ਰੇਹਨ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਦੋਂ ਇਸ ਮਾਮਲੇ ਵਿੱਚ ਪੁਲਿਸ ਨੇ ਬਲਦੇਵ ਸਿੰਘ ਤੇ ਹਰਦੇਵ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਤੋਂ ਪੁੱਛਗਿਛ ਦੌਰਾਨ ਹੀ ਵਿਰਸਾ ਸਿੰਘ ਵਲਟੋਹਾ ਦਾ ਨਾਮ ਸਾਹਮਣੇ ਆਇਆ ਸੀ, ਪਰ ਪੁਲਿਸ ਨੇ ਵਲਟੋਹਾ ਦੀ ਬਜਾਏ ਸਿਰਫ਼ ਬਲਦੇਵ ਸਿੰਘ ਤੇ ਹਰਦੇਵ ਸਿੰਘ ਖ਼ਿਲਾਫ਼ ਹੀ ਚਲਾਨ ਪੇਸ਼ ਕੀਤਾ ਸੀ।
ਉਸ ਸਮੇਂ ਵਲਟੋਹਾ ਜੋਧਪੁਰ ਜੇਲ੍ਹ ਵਿੱਚ ਬੰਦ ਸੀ ਕਿਉਂਕਿ ਇਨ੍ਹਾਂ ਨੂੰ ਆਪ੍ਰੇਸ਼ਨ ਬਲੂ ਸਟਾਰ ਵੇਲੇ ਰਮਜ਼ਾਨ ਕੰਪਲੈਕਸ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਨ 1990 ਵਿੱਚ ਅਦਾਲਤ ਨੇ ਬਲਦੇਵ ਸਿੰਘ ਤੇ ਹਰਦੇਵ ਸਿੰਘ ਨੂੰ ਬਰੀ ਕਰ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਮੀਡੀਆ ਰਿਪੋਰਟਾਂ ਆਉਣ ਕਾਰਨ ਵਲਟੋਹਾ ਖ਼ਿਲਾਫ਼ ਪੁਲਿਸ ਨੇ ਕੇਸ ਮੁੜ ਖੋਲ੍ਹਿਆ। ਸਪੈਸ਼ਲ ਜਾਂਚ ਟੀਮ ਨੇ ਖੇਮਕਰਨ ਤੋਂ ਦੋ ਵਾਰ ਅਕਾਲੀ ਵਿਧਾਇਕ ਰਹੇ ਵਲਟੋਹਾ ਖ਼ਿਲਾਫ਼ ਮੁੜ ਚਲਾਨ ਪੇਸ਼ ਕੀਤਾ ਹੈ।