ਅੰਮ੍ਰਿਤਸਰ: ਲੇਬਰ ਪੇਨ ਨਾਲ ਤੜਫ ਰਹੀ ਇੱਕ ਗਰਭਵਤੀ ਔਰਤ ਨੇ ਬਾਥਰੂਮ ਦੇ ਕਮੋਡ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਇਹ ਨਵਜਾਤ ਬੱਚੀ ਸਾਹ ਤੱਕ ਨਹੀਂ ਲੈ ਸਕੀ ਤੇ ਉਸ ਦੀ ਕਮੋਡ ਵਿੱਚ ਹੀ ਮੌਤ ਹੋ ਗਈ। ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਨਜ਼ਦੀਕ ਅਲਟਰਾਸਾਊਂਡ ਸੈਂਟਰ ਦਾ ਹੈ।
ਅੰਮ੍ਰਿਤਸਰ ਦੇ ਜੋੜਾ ਫਾਟਕ ਇਲਾਕੇ ਵਿੱਚ ਰਹਿਣ ਵਾਲੀ ਕਵਿਤਾ ਗਰਭਵਤੀ ਸੀ। ਇਲਾਕੇ ਦੇ ਹੀ ਇੱਕ ਨਰਸਿੰਗ ਹੋਮ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। ਕਵਿਤਾ ਦੇ ਪਤੀ ਲਾਲ ਕੁਮਾਰ ਮੁਤਾਬਕ ਲੇਬਰ ਪੇਨ ਹੋਣ ਤੋਂ ਬਾਅਦ ਉਹ ਨਰਸਿੰਗ ਹੋਮ ਪਹੁੰਚੇ। ਇੱਥੇ ਆਉਣ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਨਰਸਿੰਗ ਹੋਮ ਵਿੱਚ ਅਲਟਰਾਸਾਊਂਡ ਦੀ ਸੁਵਿਧਾ ਨਾ ਹੋਣ ਕਰਕੇ ਉਹ ਸਿਵਲ ਹਸਪਤਾਲ ਨੇੜੇ ਪਹੁੰਚੇ।
ਅਲਟਰਾਸਾਊਂਡ ਸੈਂਟਰ ਵਿੱਚ ਭੀੜ ਹੋਣ ਕਰਕੇ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਉਸ ਨੇ ਬਾਥਰੂਮ ਜਾਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਉਸ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਜਦ ਉਸ ਦਾ ਪਤੀ ਬਾਥਰੂਮ ਵਿੱਚ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਖੂਨ ਨਾਲ ਲੱਥਪੱਥ ਦੇਖਿਆ। ਉਸ ਦੀ ਕੁੱਖ ਤੋਂ ਬੱਚੀ ਕਮੋਡ ਵਿੱਚ ਡਿੱਗ ਗਈ ਸੀ। ਬੱਚੀ ਨੂੰ ਤੁਰੰਤ ਕਮੋਡ ਵਿੱਚੋਂ ਬਾਹਰ ਕੱਢਿਆ ਪਰ ਓਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।