ਪੀਆਰਟੀਸੀ ਨੇ ਡੇਰਾ ਸਮੱਰਥਕਾਂ ਨੂੰ ਘਰ ਛੱਡਣ ਦਾ ਕਿਰਾਇਆ ਮੰਗਿਆਂ...
ਏਬੀਪੀ ਸਾਂਝਾ | 29 Aug 2017 10:53 AM (IST)
ਚੰਡੀਗੜ੍ਹ : ਪੰਚਕੂਲਾ ਤੋਂ ਡੇਰਾ ਸਮੱਰਥਕਾਂ ਨੂੰ ਤਿੱਤਰ-ਬਿੱਤਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰਾਂ ਤਕ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਤੋਂ 100 ਬੱਸਾਂ ਮੰਗੀਆਂ। ਪੀਆਰਟੀਸੀ ਦੀਆਂ ਬੱਸਾਂ 25 ਅਗਸਤ ਨੂੰ ਰਾਤ ਭਰ ਡੇਰਾ ਸਮੱਰਥਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਛੱਡਦੀਆਂ ਰਹੀਆਂ। ਇਹੀ ਨਹੀਂ 26 ਅਗਸਤ ਪੂਰੇ ਦਿਨ ਵੀ ਪੀਆਰਟੀਸੀ ਦੀਆਂ 20 ਬੱਸਾਂ ਡੇਰਾ ਸਮੱਰਥਕਾਂ ਨੂੰ ਪੰਚਕੂਲਾ ਤੋਂ ਉਨ੍ਹਾਂ ਦੇ ਘਰਾਂ ਤਕ ਛੱਡਦੀਆਂ ਰਹੀਆਂ। ਡੇਰਾ ਸਮੱਰਥਕਾਂ ਵੱਲੋਂ ਪੀਆਰਟੀਸੀ ਨੂੰ ਕੋਈ ਕਿਰਾਇਆ ਨਹੀਂ ਦਿੱਤਾ ਗਿਆ ਤਾਂ ਹੁਣ ਪੀਆਰਟੀਸੀ ਪ੍ਰਬੰਧਕ ਇਹ ਕਿਰਾਇਆ ਪ੍ਰਸ਼ਾਸਨ ਤੋਂ ਕਲੇਮ ਕਰੇਗਾ। ਇਸ ਤੋਂ ਪਹਿਲਾਂ ਬੱਸਾਂ ਨਾ ਚੱਲਣ ਕਾਰਨ ਹੋਏ ਲਗਪਗ 5 ਕਰੋੜ ਦੇ ਨੁਕਸਾਨ ਨੂੰ ਕਲੇਮ ਕਰਨ ਦੀ ਗੱਲ ਵੀ ਪੀਆਰਟੀਸੀ ਦੇ ਐੱਮਡੀ ਮਨਜੀਤ ਸਿੰਘ ਨਾਰੰਗ ਕਰ ਚੁੱਕੇ ਹਨ। ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਡੇਰਾ ਸਮੱਰਥਕਾਂ ਨੂੰ ਘਰਾਂ ਤਕ ਛੱਡਣ ਲਈ ਜੋ ਕਿਰਾਇਆ ਬਣਦਾ ਹੈ, ਉਸ ਦਾ ਹਿਸਾਬ-ਕਿਤਾਬ ਲਗਾਇਆ ਗਿਆ ਤਾਂ ਇਹ ਰਾਸ਼ੀ 25 ਲੱਖ ਰੁਪਏ ਤੋਂ ਵੱਧ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਵਿਵਾਦ ਕਾਰਨ ਪੀਆਰਟੀਸੀ ਵੱਲੋਂ ਬੱਸਾਂ ਨਾ ਚਲਾਉਣ ਕਾਰਨ ਲਗਪਗ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਪੂਰੇ ਨੁਕਸਾਨ ਦਾ ਰਿਕਾਰਡ ਬਣਾ ਕੇ ਪ੍ਰਸ਼ਾਸਨ ਨੂੰ ਭੇਜਣਗੇ ਅਤੇ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਕਹਿਣਗੇ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵੱਲੋਂ ਆਦੇਸ਼ ਹੋਏ ਹਨ ਕਿ ਜਿਸ-ਜਿਸ ਨੂੰ ਵੀ ਨੁਕਸਾਨ ਹੋਇਆ ਹੈ, ਉਹ ਜ਼ਿਲ੍ਹਾ ਪ੍ਰਸ਼ਾਸਨ ਕੋਲ ਆਪਣਾ ਨੁਕਸਾਨ ਕਲੇਮ ਕਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਹ ਰਿਪੋਰਟ ਹਾਈ ਕੋਰਟ ਨੂੰ ਭੇਜੇ।