ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਤਾਂ ਰਾਜਿਆਂ ਦੀ ਤਰ੍ਹਾਂ ਮੌਜ-ਮਸਤੀ ਵਿਚ ਰੁੱਝੇ ਹੋਏ ਹਨ, ਉਸ ਨੂੰ ਪੰਜਾਬ ਦੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ ਖੇਤੀਬਾੜੀ ਦਾ ਖਰਚਾ ਵਧ ਰਿਹਾ ਹੈ ਤੇ ਆਮਦਨ ਘੱਟ ਰਹੀ ਹੈ, ਅਮਰਿੰਦਰ ਨੇ ਕਰਜ਼ਾ ਮਾਫ਼ ਨਹੀਂ ਕੀਤਾ, ਕਿਸੇ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ, ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਅਮਰਿੰਦਰ ਬੁਖਲਾ ਚੁੱਕਾ ਹੈ। ਅਕਾਲੀ ਸਰਪੰਚਾਂ ਤੇ ਅਕਾਲੀ ਨੇਤਾਵਾਂ ਨਾਲ ਧੱਕੇਸ਼ਾਹੀ ਬਹੁਤ ਹੀ ਨਿੰਦਣਯੋਗ ਗੱਲ ਹੈ ਤੇ ਇਸ ਵਕਤ ਪੰਜਾਬ ਦੇ ਅਫਸਰਸ਼ਾਹੀ ਆਪਣੇ ਕਾਂਗਰਸੀ ਨੇਤਾਵਾਂ ਨੂੰ ਖ਼ੁਸ਼ ਕਰਨ ਲਈ ਇਹ ਧੱਕੇਸ਼ਾਹੀ ਕਰ ਰਹੀ ਹੈ। ਉਸ ਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਨੇ ਹੀ ਉਲਝਾ ਦਿੱਤਾ ਹੈ, ਇਸ ਲਈ ਹੁਣ ਪੰਜਾਬ ਦੇ ਵਿਕਾਸ ਦੀ ਗੱਲ ਬੜੀ ਦੂਰ ਰਹਿ ਗਈ ਹੈ। ਬਾਦਲ ਨੇ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੀ ਰੱਟ ਲਗਾਈ ਬੈਠਾ ਅਮਰਿੰਦਰ ਹੁਣ ਪੰਜਾਬ ਦੇ ਵਿਕਾਸ ਦੀ ਗੱਲ ਕਰੇ। ਜੇਕਰ 9 ਮਹੀਨਿਆਂ ਵਿਚ ਵੀ ਉਸ ਨੂੰ ਸਰਕਾਰ ਚਲਾਉਣ ਦੀ ਸਮਝ ਨਹੀ ਲੱਗੀ ਤਾਂ ਇਹ ਅਮਰਿੰਦਰ ਦੀ ਨਲਾਇਕੀ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਕੋਈ ਰਾਜੇ ਮਹਾਰਾਜਿਆਂ ਦਾ ਖਜ਼ਾਨਾ ਨਹੀਂ ਜੋ ਖਾਲੀ ਹੋ ਜਾਂਦਾ ਹੈ, ਇਸ ਲਈ ਹਰ ਸਾਲ ਯੋਜਨਾ ਬਣਦੀ ਹੈ ਕਿ ਕਿੰਨੇ ਪੈਸੇ ਆਉਣੇ ਹਨ ਤੇ ਕਿੰਨੇ ਖਰਚਣੇ ਹਨ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਗਾ ਕੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵਾਪਸ ਲੈ ਰਹੀ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਦਿੱਤੀਆਂ ਸਕੀਮਾਂ ਕਾਂਗਰਸ ਨੇ ਬੰਦ ਕਰ ਦਿੱਤੀਆਂ ਹਨ।