ਫਤਿਹਗੜ੍ਹ ਸਾਹਿਬ: ਲੱਗਦਾ ਹੈ ਪੰਜਾਬ 'ਚ ਕੈਪਟਨ ਸਰਕਾਰ ਕੰਮ ਕਰਨ ਦੇ ਰੌਂਅ 'ਚ ਨਹੀਂ। ਇਸ ਦਾ ਅੰਦਾਜ਼ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਬਿਆਨ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਪੰਚਾਇਤਾਂ ਦੇ ਵਿਕਾਸ ਲਈ ਨਵੀਆਂ ਨੀਤੀਆਂ ਆਉਂਦੀਆਂ ਰਹਿੰਦੀਆਂ ਹਨ ਤੇ ਸਾਡਾ ਧਿਆਨ ਇਸ ਸਮੇਂ ਮਈ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਚ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣਾਂ ਕਰਵਾ ਲਈਆਂ ਜਾਣ ਫੇਰ ਵਿਕਾਸ ਦੇ ਕੰਮ ਕੀਤੇ ਜਾਣਗੇ। ਜਦਕਿ ਚੋਣਾਂ ਤੋਂ ਪਹਿਲਾਂ ਵਿਕਾਸ ਦੇ ਮੁੱਦੇ 'ਤੇ ਹੀ ਕਾਂਗਰਸ ਨੇ ਵੋਟਾਂ ਹਾਸਲ ਕੀਤੀਆਂ ਸਨ। ਹੁਣ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਦਾ ਕੰਮ ਕਰਨ ਵੱਲ ਧਿਆਨ ਘੱਟ ਤੇ ਬਿਆਨਬਾਜ਼ੀ ਵੱਲ ਵਧੇਰੇ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਦਿੱਤੀਆਂ ਗ੍ਰਾਂਟਾਂ ਨੂੰ ਵਾਪਸ ਕੀਤੇ ਜਾਣ ਦੇ ਇਲਜ਼ਾਮ 'ਤੇ ਬੋਲਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ ਪੰਚਾਇਤਾਂ ਨੂੰ ਗ੍ਰਾਂਟਾਂ ਨਹੀਂ, ਬਲਕਿ ਕਰਜ਼ਾ ਜਾਰੀ ਕੀਤਾ ਹੈ। ਬਾਜਵਾ ਨੇ ਅਕਾਲੀ ਭਾਜਪਾ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦਸ ਹਜ਼ਾਰ ਕਰੋੜ ਦਾ ਕਰਜ਼ਾ ਲਿਆ ਸੀ ਜੋ ਪਿੰਡਾਂ ਨੂੰ ਦੇਣਾ ਸੀ। ਉਨ੍ਹਾਂ ਕੋਈ ਗ੍ਰਾਂਟ ਵੰਡੀ ਨਹੀਂ ਬਲਕਿ ਸਾਡੇ ਸਿਰ ਕਰਜ਼ਾ ਚੜ੍ਹਾ ਦਿੱਤਾ। ਪੰਚਾਇਤ ਮੰਤਰੀ ਨੇ ਛੋਟੇ-ਛੋਟੇ ਪਿੰਡਾਂ ਨੂੰ ਸ਼ਹਿਰ ਦੀ ਤਰ੍ਹਾਂ ਬਣਾਉਣ ਦਾ ਭਰੋਸਾ ਦਿੱਤਾ।