ਚੰਡੀਗੜ੍ਹ- ਪੰਜਾਬ ਸਰਕਾਰ ਨੇ ਪੰਜਾਬ ਐਕਸਾਈਜ਼ ਐਕਟ 1914 (ਸੋਧ) ਬਿੱਲ 2017 ਦੇ ਖਰੜੇ ਦੀਆਂ ਧਾਰਾਵਾਂ 26-ਏ, 72, 78 ਅਤੇ 81 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਕਾਨੂੰਨੀ ਰੂਪ ਦੇਣ ਲਈ ਵਿਧਾਨ ਸਭਾ ਦੇ ਅਗਲੇ ਇਜਲਾਸ ਦੌਰਾਨ ਪੇਸ਼ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਧਾਰਾ 72, 78 ਅਤੇ 81 ਵਿੱਚ ਸੋਧ ਨਾਲ ਸੂਬੇ ਵਿੱਚ ਸ਼ਰਾਬ ਦੀ ਸਮੱਗਲਿੰਗ ਉੱਤੇ ਕਾਬੂ ਪਾਇਆ ਜਾ ਸਕੇਗਾ ਅਤੇ 750 ਮਿਲੀਮੀਟਰ ਦੀ ਸਮਰੱਥਾ ਵਾਲੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ 12 ਤੋਂ ਵੱਧ ਬੋਤਲਾਂ ਪੰਜਾਬ ਵਿੱਚ ਲਿਆਉਣ ਨੂੰ ਗੈਰ ਜ਼ਮਾਨਤੀ ਜੁਰਮ ਮੰਨਿਆ ਜਾਵੇਗਾ। ਸ਼ਰਾਬ ਦੀਆਂ ਤਿੰਨ ਤੋਂ ਵੱਧ ਪੇਟੀਆਂ ਲਿਜਾਣ ਵਾਲੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਇਸ ਦੀ ਰਿਹਾਈ ਜ਼ਬਤ ਕੀਤੀ ਹੋਈ ਸ਼ਰਾਬ ਦੀ ਕੀਮਤ ਦੇ ਬਰਾਬਰ ਨਗਦੀ ਜਾਂ ਬੈਂਕ ਗਾਰੰਟੀ ਦਿੱਤੇ ਜਾਣ ਉੱਤੇ ਕੀਤੀ ਜਾਵੇਗੀ। ਇੱਕ ਹੋਰ ਫੈਸਲੇ ਵਿੱਚ ਕੈਬਨਿਟ ਨੇ ਪੰਜਾਬ ਲੈਂਡ ਰੈਵੇਨਿਊ ਐਕਟ 1972 ਦੀ ਧਾਰਾ 38 (ਏ) ਵਿੱਚ ਸੋਧ ਕਰ ਕੇ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਬਿੱਲ ਪੇਸ਼ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜਿਸ ਨਾਲ ਕੇਲੇ, ਅਮਰੂਦ ਤੇ ਅੰਗੂਰਾਂ ਦੀ ਖੇਤੀ ਲਈ ਜ਼ਮੀਨ ਨੂੰ ਬਾਗਾਂ ਦੀ ਪਰਿਭਾਸ਼ਾ ਤੋਂ ਬਾਹਰ ਕੱਢ ਲਿਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕੱਢ ਕੇ ਫਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਵੱਲ ਮੋੜਿਆ ਜਾ ਸਕੇ। ਇਸ ਸੋਧ ਨਾਲ ਅਮਰੂਦ, ਕੇਲੇ ਅਤੇ ਅੰਗੂਰਾਂ ਦੀ ਕਾਸ਼ਟ ਕਰਨ ਵਾਲੇ ਕਿਸਾਨਾਂ ਜਾਂ ਮੁਜਾਰੇ ਨੂੰ 20.5 ਹੈਕਟੇਅਰ ਤੱਕ ਜ਼ਮੀਨ ਰੱਖਣ ਦਾ ਕਾਨੂੰਨੀ ਹੱਕ ਮਿਲ ਜਾਵੇਗਾ। ਇਸ ਤੋਂ ਕਿਸਾਨਾਂ ਨੂੰ ਇੱਕ ਨਵੀਂ ਆਸ ਜਾਗੀ ਹੈ।